'ਤੁਸੀਂ ਇਕ ਮੋਦੀਖ਼ਾਨਾ ਬੰਦ ਕਰਾਓਗੇ, 500 ਹੋਰ ਖੁੱਲ੍ਹਣਗੇ''

ਏਜੰਸੀ

ਖ਼ਬਰਾਂ, ਪੰਜਾਬ

ਸੰਤ ਸਿਪਾਹੀ ਗਰੁੱਪ ਤੇ ਗੁਰੂ ਦੀ ਲਾਡਲੀ ਫ਼ੌਜ ਵੀ ਮੋਦੀਖ਼ਾਨੇ ਦੇ ਹੱਕ 'ਚ ਡਟੀ

Guru nanak Modikhana Ludhiana Punjab

ਅੰਮ੍ਰਿਤਸਰ: ਅੱਜ ਜਿੱਥੇ ਗੁਰੂ ਨਾਨਕ ਮੋਦੀਖਾਨਾ ਦੀ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ ਉੱਥੇ ਹੀ ਕਈ ਸ਼ਰਾਰਤੀ ਅਨਸਰਾਂ ਵੱਲੋਂ ਮੋਦੀਖਾਨਾ ਬੰਦ ਕਰਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਹੁਣ ਬਹੁਤ ਸਾਰੀਆਂ ਜੱਥੇਬੰਦੀਆਂ ਬਲਵਿੰਦਰ ਸਿੰਘ ਜਿੰਦੂ ਦੇ ਹੱਕ ਵਿਚ ਆਈਆਂ ਹਨ। ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ।

ਦਵਿੰਦਰ ਸਿੰਘ ਸੰਤ ਸਿਪਾਹੀ ਗਰੁੱਪ ਲੁਧਿਆਣਾ ਵਾਲੇ ਨੇ ਦਸਿਆ ਕਿ ਬਲਵਿੰਦਰ ਸਿੰਘ ਜਿੰਦੂ ਨੇ ਜੋ ਉਪਰਾਲਾ ਕੀਤਾ ਹੈ ਉਹ ਬਹੁਤ ਵੀ ਕਾਬਿਲ-ਏ-ਤਾਰੀਫ ਹੈ। ਉਹ ਵੀ ਇਸ ਸ਼ੁੱਭ ਕੰਮ ਵਿਚ ਉਹਨਾਂ ਦੇ ਨਾਲ ਹੈ। ਉਹਨਾਂ ਵੱਲੋਂ ਅੰਮ੍ਰਿਤਸਰ ਵਿਚ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਗਈਆਂ ਹਨ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਹਨ।

ਉਹਨਾਂ ਅੱਗੇ ਕਿਹਾ ਕਿ ਬਲਵਿੰਦਰ ਸਿੰਘ ਨੂੰ ਦਵਾਈਆਂ ਬਾਰੇ ਬਹੁਤਾ ਨਹੀਂ ਪਤਾ ਪਰ ਉਹਨਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਹੈ ਤੇ ਜੇ ਕਿਸੇ ਨੇ ਅਪਣੇ ਸਵਾਲਾਂ ਦੇ ਜਵਾਬ ਲੈਣੇ ਹਨ ਤਾਂ ਉਹਨਾਂ ਕੋਲ ਆ ਲੈਣ। ਲੋਕਾਂ ਨੂੰ ਜਿੰਦੂ ਨਹੀਂ ਰੜਕਦਾ ਸਗੋਂ ਕੈਮਿਸਟ ਤੇ ਡਾਕਟਰਾਂ ਦੀਆਂ ਕਮਿਸ਼ਨਾਂ ਤੇ ਲੱਤ ਵੱਜੀ ਹੈ ਉਹ ਰੜਕਦੀ ਹੈ। ਅੱਜ ਬਲਵਿੰਦਰ ਜਿੰਦੂ ਦਾ ਵਿਰੋਧ ਤਾਂ ਹੋ ਰਿਹਾ ਹੈ ਕਿਉਂ ਕਿ ਉਹ ਸਿੱਖ ਹੈ, ਜੇ ਹੋਰ ਕੋਈ ਹੁੰਦਾ ਤਾਂ ਉਸ ਨੂੰ ਲੋਕਾਂ ਨੇ ਹਾਰ ਪਾਉਣੇ ਸੀ ਤੇ ਉਸ ਦੇ ਹੱਕ ਵਿਚ ਬੋਲਣਾ ਸੀ।

ਅੱਜ ਸਿੱਖ ਨੇ ਮੁੱਦਾ ਚੁੱਕਿਆ ਹੈ ਤਾਂ ਲੋਕਾਂ ਨੂੰ ਚੁੰਬਣ ਲੱਗ ਪਈ ਹੈ। ਇਸ ਵਿਚ ਵਿਰੋਧ ਨਹੀਂ ਸਗੋਂ ਸਹਿਯੋਗ ਦੀ ਲੋੜ ਹੈ। ਜਦੋਂ ਨਿਰਮਲ ਸਿੰਘ ਖਾਲਸਾ ਦੀ ਮੌਤ ਹੋਈ ਸੀ ਤਾਂ ਉਦੋਂ ਤਾਂ ਕੋਈ ਨਹੀਂ ਬੋਲਿਆ, ਉਹਨਾਂ ਦੀ ਮੌਤ ਵੀ ਡਾਕਟਰਾਂ ਦੀ ਅਣਗਹਿਲੀ ਕਰ ਕੇ ਹੋਈ ਸੀ। ਹਸਪਤਾਲਾਂ ਵਿਚ ਹੋ ਰਹੀ ਲੁੱਟ ਨੂੰ ਲੈ ਕੇ ਉਹਨਾਂ ਕਿਹਾ ਕਿ ਮਰੀਜ਼ ਨੂੰ ਜਾਂਦਿਆਂ ਹੀ ਟੈਸਟ ਲਿਖ ਦਿੱਤੇ ਜਾਂਦੇ ਹਨ ਤੇ ਦਵਾਈਆਂ ਲਿਖ ਦਿੱਤੀਆਂ ਜਾਂਦੀਆਂ ਹਨ, ਫਿਰ ਕਿਹਾ ਜਾਂਦਾ ਹੈ ਕਿ ਇਹ ਦਵਾਈ ਤਾਂ ਕੰਮ ਦੀ ਨਹੀਂ ਇਸ ਨੂੰ ਵਾਪਸ ਕਰ ਦਿਓ।

ਦੁਕਾਨ ਵਾਲੇ ਦਵਾਈ ਵਾਪਸ ਨਹੀਂ ਲੈਂਦੇ ਤੇ ਵਾਪਸ ਲੈਣ ਵੀ ਤਾਂ ਉਹ ਵੀ ਅੱਧ ਮੁੱਲ ਤੇ ਲੈਂਦੇ ਹਨ। ਇਸ ਨਾਲ ਤਾਂ ਗਰੀਬ ਆਦਮੀ ਨੂੰ ਦੋਵਾਂ ਪਾਸੇ ਮਾਰ ਹੀ ਮਾਰ ਹੈ। ਉੱਥੇ ਹੀ ਉਹਨਾਂ ਨੇ ਸਰਕਾਰ ਨੂੰ ਲਾਹਣਤਾਂ ਪਾਉਂਦਿਆਂ ਕਿਹਾ ਕਿ ਗੁਰੂ ਧਾਮਾਂ ਨੂੰ ਬੰਦ ਕੀਤਾ ਗਿਆ ਹੈ ਤੇ ਸ਼ਰਾਬ ਦੇ ਠੇਕੇ ਰਾਤ 10-10 ਵਜੇ ਤਕ ਖੁੱਲ੍ਹੇ ਰਹਿੰਦੇ ਹਨ।

ਜੇ ਗੁਰੂਧਾਮਾਂ ਨੂੰ ਬੰਦ ਕੀਤਾ ਗਿਆ ਹੈ ਤਾਂ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਜਾਣ। ਅਖੀਰ ਵਿਚ ਉਹਨਾਂ ਇਹੀ ਕਿਹਾ ਕਿ ਜੇ ਉਹ ਇਕ ਮੋਦੀਖਾਨਾ ਬੰਦ ਕਰਵਾਉਂਦੇ ਹਨ ਤਾਂ 500 ਹੋਰ ਖੋਲ੍ਹੇ ਜਾਣਗੇ। ਉਹਨਾਂ ਵੱਲੋਂ ਮੋਦੀਖਾਨਾ ਚਲਾਉਣ ਵਿਚ ਪੂਰੀ ਸਪੋਰਟ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।