ਸੁਖਬੀਰ ਬਾਦਲ ਨੇ ਕੇਂਦਰ ਕੋਲ ਕੀਤੀ ਤੇਲ ਕੀਮਤਾਂ 'ਚ ਰਾਹਤ ਦੇਣ ਦੀ ਅਪੀਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲ ਪੱਤਰ ਲਿਖ ਕੇ ਲੋਕਾਂ ਨੂੰ ਰਾਹਤ ਦੇਣ ਦੀ ਕੀਤੀ ਮੰਗ

Sukhbir Singh Badal

ਚੰਡੀਗੜ੍ਹ : ਕਰੋਨਾ ਕਾਲ ਦੇ ਝੰਭੇ ਲੋਕਾਂ ਲਈ ਵਧਦੀਆਂ ਤੇਲ ਕੀਮਤਾਂ ਦਾ ਬੋਝ ਝੱਲਣਾ ਮੁਸ਼ਕਲ ਹੁੰਦਾ ਜ ਰਿਹਾ ਹੈ। ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਜ਼ਿਆਦਾਤਰ ਸਿਆਸੀ ਦਲ ਵੀ ਹੁਣ ਇਸ ਦੇ ਵਿਰੋਧ 'ਚ ਖੁਲ੍ਹ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇੱਥੋਂ ਤਕ ਕਿ ਕੇਂਦਰ ਸਰਕਾਰ 'ਚ ਭਾਈਵਾਲ ਧਿਰਾਂ ਵੀ ਹੁਣ ਤੇਲ ਕੀਮਤਾਂ 'ਚ ਲੋਕਾਂ ਨੂੰ ਰਾਹਤ ਦਿਵਾਉਣ ਲਈ ਸਰਗਰਮ ਹੋ ਗਈਆਂ ਹਨ।

ਇਸੇ ਕੜੀ ਤਹਿਤ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇਲ ਕੀਮਤਾਂ 'ਚ ਕਟੌਤੀ ਦੀ ਅਪੀਲ ਕੀਤੀ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਡੀਜ਼ਲ ਤੇ ਪੈਟਰੋਲ 'ਤੇ ਕੇਂਦਰੀ ਆਬਕਾਰੀ ਡਿਊਟੀ 'ਚ ਕਟੌਤੀ ਕਰ ਦੇਣੀ ਚਾਹੀਦੀ ਹੈ, ਤਾਂ ਜੋ ਤੇਲ ਕੀਮਤਾਂ ਘਟਣ ਨਾਲ ਕਿਸਾਨਾਂ ਤੋਂ ਇਲਾਵਾ ਟਰਾਂਸਪੋਰਟ ਸੈਕਟਰ ਅਤੇ ਆਮ ਜਨਤਾ ਨੂੰ ਰਾਹਤ ਮਿਲ ਸਕੇ।

ਇਸ ਸਬੰਧੀ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਵੱਲ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪੈਟਰੋਲੀਅਮ ਮੰਤਰਾਲਾ ਨੂੰ ਕੇਂਦਰੀ ਆਬਕਾਰੀ ਡਿਊਟੀ 'ਚ ਕਟੌਤੀ ਲਈ ਹਦਾਇਤ ਕਰਨ ਤਾਂ ਜੋ ਲੋਕਾਂ ਨੂੰ ਤੇਲ ਕੀਮਤਾਂ 'ਚ ਵਾਧੇ ਤੋਂ ਰਾਹਤ ਮਿਲ ਸਕੇ।

ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਇਸ ਸਮੇਂ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਕਰ ਰਹੇ ਹਨ ਜਿਨ੍ਹਾਂ 'ਤੇ ਤੇਲ ਕੀਮਤਾਂ ਦੇ ਵਾਧੇ ਦਾ ਭਾਰੀ ਬੋਝ ਪੈ ਰਿਹਾ ਹੈ। ਇਸੇ ਤਰ੍ਹਾਂ ਜ਼ਰੂਰੀ ਸਾਜੋ ਸਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦੇ ਖ਼ਰਚੇ ਵੀ ਤੇਲ ਕੀਮਤਾਂ 'ਚ ਵਾਧੇ ਕਾਰਨ ਕਾਫ਼ੀ ਵੱਧ ਗਏ ਹਨ। ਇਸ ਕਾਰਨ ਹਰ ਵਰਗ 'ਤੇ ਇਸ ਅਣਕਿਆਸੇ ਵਾਧੇ ਦੀ ਮਾਰ ਪੈ ਰਹੀ ਹੈ, ਜਿਸ ਨੂੰ ਛੇਤੀ ਘਟਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਤੇਲ ਕੀਮਤਾਂ 'ਚ ਕਟੌਤੀ ਤੋਂ ਉਦਯੋਗਾਂ ਨੂੰ ਵੀ ਰਾਹਤ ਮਿਲੇਗੀ। ਇਸ ਤਰ੍ਹਾਂ ਉਹ ਅਪਣੇ ਲਾਗਤ ਖਰਚਿਆਂ ਨੂੰ ਘਟਾ ਕੇ ਪੈਰਾ ਸਿਰ ਖੜ੍ਹੇ ਹੋ ਸਕਣਗੇ। ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਵੀ ਅਜਿਹਾ ਹੀ ਇਕ ਪੱਤਰ ਲਿਖਿਆ ਗਿਆ ਹੈ ਜਿਸ 'ਚ ਉਨ੍ਹਾਂ ਨੇ ਪਟਰੌਲ ਅਤੇ ਡੀਜ਼ਲ 'ਤੇ ਸੂਬੇ ਦੇ ਟੈਕਸਾਂ 'ਚ ਵੀ ਕਟੌਤੀ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।