ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਬੰਬੀਹਾ ਗੈਂਗ ਦੇ ਸਾਥੀ ਪ੍ਰਿੰਸ ਰਾਣਾ ਗਰੁੱਪ ਦੇ 8 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼
ਮੁਹਾਲੀ: ਮੁਹਾਲੀ ਪੁਲਿਸ ਨੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਗੈਂਗ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੇ 2 ਪਿਸਤੌਲ, 5 ਜਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮ ਕੈਨੇਡਾ 'ਚ ਬੈਠੇ ਪ੍ਰਿੰਸ ਅਤੇ ਕਾਲਾ ਦੇ ਕਹਿਣ 'ਤੇ ਫਿਰੌਤੀ ਦੀ ਮੰਗ ਕਰਦੇ ਸਨ। ਚੰਡੀਗੜ੍ਹ ਦੇ ਵਪਾਰੀ ਰੋਹਿਤ ਗੁਪਤਾ ਨੂੰ ਫਿਰੌਤੀ ਨਾ ਦੇਣ 'ਤੇ ਮੁਲਜ਼ਮਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਸੀ।
ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸ.ਐਸ.ਪੀ. ਸੰਦੀਪ ਗਰਗ ਨੇ ਦਸਿਆ ਕਿ ਰੋਹਿਤ ਗੁਪਤਾ ਉਰਫ਼ ਸੋਨੂੰ ਵਾਸੀ ਧਨਾਸ, ਚੰਡੀਗੜ੍ਹ ਨੂੰ 8 ਜੂਨ ਨੂੰ ਪਿੰਡ ਝਾਮਪੁਰ ਵਿਚ ਉਸ ਦੀ ਦੁਕਾਨ ’ਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿਤਾ ਸੀ। ਪੁਲਿਸ ਨੇ ਇਸ ਸਬੰਧੀ ਬਲੌਂਗੀ ਥਾਣੇ ਵਿਚ ਆਈ.ਪੀ.ਸੀ. ਦੀ ਧਾਰਾ 307, 38, 452 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਐਸ.ਪੀ. ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਵਿਚ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਡੀ.ਐਸ.ਪੀ. ਗੁਰਸ਼ੇਰ ਸਿੰਘ ਅਤੇ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਮੁਹਾਲੀ ਸ਼ਾਮਲ ਸਨ। ਐਸ.ਪੀ. ਦਿਹਾਤੀ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਦੂਜੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਡੀ.ਐਸ.ਪੀ. ਖਰੜ ਰੁਪਿੰਦਰਦੀਪ ਕੌਰ ਸੋਹੀ ਅਤੇ ਮੁੱਖ ਅਫਸਰ ਥਾਣਾ ਬਲੌਂਗੀ ਸ਼ਾਮਲ ਸਨ।
ਪੁਲਿਸ ਨੇ ਤਫਤੀਸ਼ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਮਨਵੀਰ ਸਿੰਘ ਉਰਫ਼ ਮਨਵੀਰ ਰਾਣਾ ਵਾਸੀ ਸਰਕਾਰੀ ਕਾਲਜ ਬਰਬਾਲਾ ਜ਼ਿਲ੍ਹਾ ਪੰਚਕੂਲਾ, ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਰਵਿਦਾਸ ਮੰਦਰ ਪਿੰਡ ਮੋਨੀ ਜ਼ਿਲ੍ਹਾ ਪੰਚਕੂਲਾ, ਪ੍ਰਵੀਨ ਕੁਮਾਰ ਵਾਸੀ ਪਿੰਡ ਘਰਾਵਾਂ ਜ਼ਿਲ੍ਹਾ ਕਰਨਾਲ, ਮਨੀਸ ਸੈਣੀ ਉਰਫ਼ ਮਨੀ ਨਿਵਾਸੀ ਤਾਲਾਬ ਸ਼ਿਵ ਮੰਦਰ, ਬੀਡੀਓ ਦਫ਼ਤਰ ਬਾਰਬਾਲਾ, ਪੰਚਕੂਲਾ, ਨਿਖਿਲ ਕੁਮਾਰ ਵਾਸੀ ਆਦਰਸ਼ ਨਗਰ ਨੇੜੇ ਸ਼ਿਵ ਮੰਦਰ ਨਵਾਂ ਗਾਓਂ ਜ਼ਿਲ੍ਹਾ ਮੁਹਾਲੀ, ਰੋਹਿਤ ਕੁਮਾਰ ਉਰਫ਼ ਪੀਨ ਵਾਸੀ ਸੈਕਟਰ- 38 ਪੱਛਮੀ ਚੰਡੀਗੜ੍ਹ ਅਤੇ ਦੀਕਸ਼ਰ ਉਰਫ਼ ਦਿਸੂ ਵਾਸੀ ਜ਼ਿਲ੍ਹਾ ਪਿੰਡ ਪਿਆਰੇਵਾਲਾ, ਜ਼ਿਲ੍ਹਾ ਪੰਚਕੂਲਾ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਰਹਿੰਦੇ ਪ੍ਰਿੰਸ ਚੌਹਾਨ ਅਤੇ ਸੰਦੀਪ ਉਰਫ਼ ਕਾਲਾ ਅਤੇ ਦਿਲਬਰ ਵਾਸੀ ਥਾਣਾ ਨਰਾਇਣਗੜ੍ਹ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਇਹ ਗੱਲ ਵੀ ਸਹਾਮਣੇ ਆਈ ਹੈ ਕਿ ਦੋਸ਼ੀਆ ਨੇ ਮਿਤੀ 15.06.2023 ਦੀ ਸ਼ਾਮ ਨੂੰ ਅਸਕੇਪ ਕਲੱਬ, ਪੰਚਕੂਲਾ (ਹਰਿਆਣਾ) ਦੇ ਮਾਲਕ ਵਲੋਂ ਫਿਰੌਤੀ ਨਾ ਦੇਣ ਤੇ ਉਸ ਦੇ ਕਲੱਬ ਦੇ ਬਾਹਰ ਫਾਇਰਿੰਗ ਕੀਤੀ ਸੀ ਅਤੇ ਇਸ ਸਬੰਧੀ ਪੰਚਕੂਲਾ ਪੁਲਿਸ ਵੱਲੋ ਮੁੱਕਦਮਾ ਨੰ: 191 ਮਿਤੀ 16-06-23 ਅ/ਧ 286, 506, 336 ਭ:ਦ 25 ਅਸਲਾ ਐਕਟ, ਥਾਣਾ ਸੈਕਟਰ-5, ਪੰਚਕੂਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆ ਵਿਰੁਧ ਪਹਿਲਾਂ ਵੀ ਹਰਿਆਣਾ ਵਿਚ ਅਸਲਾ, ਡਕੈਤੀ ਅਤੇ ਲੜਾਈ ਝਗੜੇ ਦੇ ਕਾਫੀ ਮੁਕੱਦਮੇ ਹਨ।