ਡਾ. ਗਾਂਧੀ ਵਲੋਂ ਪੰਜਾਬ ਮੰਚ ਦਾ ਐਲਾਨਨਾਮਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਤੀਜੇ ਸਿਆਸੀ ਬਦਲ ਵਜੋਂ ਆਮ ਆਦਮੀ ਪਾਰਟੀ (ਆਪ) ਨੂੰ ਰੱਦ ਕਰਦਿਆਂ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ 'ਪੰਜਾਬ ਮੰਚ'........

Dr. Dharamvir Gandhi And Members of the 'Punjab Manch'

ਚੰਡੀਗੜ੍ਹ : ਪੰਜਾਬ ਵਿਚ ਤੀਜੇ ਸਿਆਸੀ ਬਦਲ ਵਜੋਂ ਆਮ ਆਦਮੀ ਪਾਰਟੀ (ਆਪ) ਨੂੰ ਰੱਦ ਕਰਦਿਆਂ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ 'ਪੰਜਾਬ ਮੰਚ' ਨੇ ਅੱਜ ਅਪਣਾ 'ਐਲਾਨਨਾਮਾ' ਜਾਰੀ ਕੀਤਾ ਹੈ। ਨਾਲ ਹੀ ਡਾ. ਗਾਂਧੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਵਾਰ ਵਾਰ ਮੰਗ ਦੇ ਬਾਵਜੂਦ ਵੀ ਪਾਰਟੀ ਨੇ ਹੁਣ ਤਕ ਉਨ੍ਹਾਂ ਨੂੰ ਬਾਹਰ ਨਹੀਂ ਕਢਿਆ ਹੈ। ਕੁੱਝ ਹਫ਼ਤੇ ਪਹਿਲਾਂ ਲੋਕ ਸਭਾ 'ਚ ਬੇਭਰੋਸਗੀ ਮਤੇ ਦੌਰਾਨ ਵੀ ਉਹ 'ਆਪ' ਵਿਪ ਮੁਤਾਬਕ ਹੀ ਭੁਗਤੇ ਹਨ, ਪਰ ਪਾਰਟੀ ਦਾ ਅਧਾਰ ਲਗਾਤਾਰ ਗਿਰਾਵਟ ਵਲ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਇਕ ਵੱਡਾ ਕਾਰਨ ਹੈ ਕਿ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ ਉਹ ਕਿਸੇ ਵੀ ਤਰ੍ਹਾਂ ਜਮਹੂਰੀਅਤ ਦੇ ਢੰਗ ਵਾਲਾ ਨਹੀਂ ਹੈ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕਾਂ ਦੀ ਮੀਟਿੰਗ ਕੀਤੇ ਤੋਂ ਬਿਨਾਂ ਹੀ ਵਿਰੋਧੀ ਧਿਰ ਦੇ ਨੇਤਾ ਨੂੰ ਤੁਰਦਾ ਕਰ ਦਿਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਹਾਈਕਮਾਨ ਸਹੀ ਨੀਤੀਆਂ 'ਤੇ ਚਲਦੀ

ਤਾਂ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਸੀ। ਰਾਏਸ਼ੁਮਾਰੀ-2020 ਬਾਰੇ ਸਵਾਲ ਦੇ ਜਵਾਬ 'ਚ  ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬੋਲਣ ਅਤੇ ਅਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਵੱਖਵਾਦੀ ਕਹਿ ਕੇ ਵਿਰੋਧ ਕਰਨਾ ਜਮਹੂਰੀਅਤ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਨੂੰ ਹਿੰਦੂਤਵ ਦੇਸ਼ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਵਿਰੁਧ ਤਾਂ ਕੋਈ ਕੇਸ ਦਰਜ ਨਹੀਂ ਕੀਤਾ ਜਾਂਦਾ ਪਰ ਹੋਰ ਧਰਮਾਂ ਵਾਲਿਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਪ੍ਰੈਸ ਕਾਨਫ਼ਰੰਸ ਵਿਚ 'ਪੰਜਾਬ ਮੰਚ' ਦੇ ਮੈਂਬਰ ਵੀ ਹਾਜ਼ਰ ਹੋਏ

ਜਿਨ੍ਹਾਂ  ਵਿਚ ਪੱਤਰਕਾਰ ਸੁਖਦੇਵ ਸਿੰਘ, ਪ੍ਰੋ. ਰੌਣਕੀ ਰਾਮ, ਦਿਲਪ੍ਰੀਤ ਸਿੰਘ ਮੋਹਾਲੀ, ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਬਾਵਾ ਸਿੰਘ,  ਨਰਿੰਦਰ ਸਿੰਘ, ਮਾਣਿਕ ਗੋਇਲ, ਹਰਮੀਤ ਕੌਰ ਬਰਾੜ, ਗੁਰਚਰਨ ਸਿੰਘ ਪੱਖੋਕਲਾਂ, ਹਰਿੰਦਰ ਸਿੰਘ ਜ਼ੀਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਸੁਮੀਤ ਭੁੱਲਰ, ਜਗਤਾਰ ਸਿੰਘ ਗਿੱਲ, ਮਾਨਿਕ ਗੋਇਲ, ਡਾ. ਜਗਜੀਤ ਸਿੰਘ ਚੀਮਾ, ਰੋਬਿਨ ਅਗਰਵਾਲ ਅਤੇ ਇੰਜੀ. ਰਣਜੀਤ ਸਿੰਘ ਸ਼ਾਮਲ ਸਨ। ਇਸ ਮੌਕੇ ਬੋਲਦਿਆਂ ਡਾ ਗਾਂਧੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਸੂਬਿਆਂ ਨੂੰ ਮਿਲੀ ਸੀਮਤ ਖ਼ੁਦਮੁਖਤਿਆਰੀ ਵੀ ਭਾਰਤੀ ਗਣਰਾਜ ਨੇ ਅਜ਼ਾਦੀ ਤੋਂ ਬਾਅਦ ਦੇ ਸਾਲਾਂ ਦੌਰਾਨ ਤਾਕਤ

ਅਤੇ ਸੂਖ਼ਮ ਤਰੀਕਿਆਂ ਰਾਹੀਂ ਖੋਰ ਕੇ ਰੱਖ ਦਿਤੀ ਹੈ, ਜਿਸ ਦੇ ਨਤੀਜੇ ਵਜੋਂ ਰਾਜਾਂ ਦਾ ਕਰੂੰਗਾ ਹੋ ਗਿਆ ਹੈ। ਅੱਜ ਪੰਜਾਬ ਸਮੇਤ ਬਹੁਤੇ ਰਾਜ ਲੱਖਾਂ ਕਰੋੜਾਂ ਦੇ ਕਰਜ਼ਾਈ ਹਨ ਅਤੇ ਬਜਟਾਂ ਦਾ ਬਹੁਤਾ ਹਿੱਸਾ ਕਰਜ਼ੇ ਦੀਆਂ ਕਿਸਤਾਂ ਦੇਣ ਵਿਚ ਹੀ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਤਾ ਬਹੁਤੀ ਖ਼ਰਾਬ ਹੈ ਜਿਸ ਦੇ ਕੁਦਰਤੀ ਵਸੀਲੇ 'ਦਰਿਆਈ ਪਾਣੀਆਂ' ਨੂੰ ਭਾਰਤੀ ਸੰਵਿਧਾਨ ਵਿਚ ਦਰਜ ਧਾਰਾ 262 ਦੀਆਂ ਧੱਜੀਆਂ ਉਡਾ ਕੇ ਬਲ ਅਤੇ ਛਲ ਨਾਲ ਮੁਫ਼ਤ ਲੁੱਟ ਲਿਆ ਗਿਆ। ਭੂਗੋਲਿਕ ਤੌਰ 'ਤੇ  ਚੁਫ਼ੇਰਿਉਂ ਬੰਦ ਅਤੇ ਇਸ ਦੇ ਨਤੀਜੇ ਵਜੋਂ ਵਪਾਰਕ ਤੌਰ 'ਤੇ ਮੁਥਾਜ ਪੰਜਾਬ ਲਈ ਇਸ ਦੇ ਕੁਦਰਤੀ ਵਸੀਲੇ ਦਾ ਲੁੱਟੇ ਜਾਣਾ

ਅਤੀ ਘਾਤਕ ਸਾਬਤ ਹੋਇਆ ਹੈ। ਪੰਜਾਬ ਦਾ ਅੱਜ ਦਾ ਘੋਰ ਨਿਰਾਸ਼ਾ ਦਾ ਆਲਮ, ਜੁਆਨੀ ਦਾ ਵਿਦੇਸ਼ਾਂ ਵਲ ਉਡਾਰੀ ਮਾਰਨਾ ਜਾਂ ਨਸ਼ਿਆਂ ਦਿ ਦਲਦਲ ਵਿਚ ਗ੍ਰਸੇ ਜਾਣਾ, ਖੇਤੀ ਦੇ ਗ਼ੈਰ-ਲਾਹੇਵੰਦ ਹੋਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੀ ਪਿੱਠ ਵਿਚ ਵਜੇ ਛੁਰੇ ਦੀ ਬਦੌਲਤ ਹੀ ਹਨ। ਡਾ. ਧਰਮਵੀਰ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਰਾਜਾਂ ਨੂੰ ਅੰਦਰੂਨੀ ਖ਼ੁਦ-ਮੁਖ਼ਤਿਆਰੀ ਰਾਹੀਂ ਸੱਚਮੁਚ ਦਾ ਫ਼ੈਡਰਲ ਭਾਰਤ ਬਣਾਉਣ ਲਈ, ਕੇਂਦਰ-ਰਾਜ ਸਬੰਧਾਂ ਦੇ ਸਾਰੇ ਪੱਖਾਂ 'ਤੇ ਮੁੜ-ਨਜ਼ਰਸਾਨੀ ਕਰਨ ਲਈ ਕਦਮ ਚੁੱਕੇ ਤਾਕਿ ਰਾਜਾਂ ਨੂੰ ਲੋਕ ਭਲਾਈ ਦੇ ਅਪਣੇ ਸੰਵਿਧਾਨਕ ਕਾਰਜ ਕਰਨ ਦੇ ਸਮਰੱਥ ਬਣਾਇਆ ਜਾ ਸਕੇ।