ਦੇਸ਼ ਵੰਡ ਮੌਕੇ ਵਿਛੜਿਆਂ ਨੂੰ ਜਨਮ ਭੂਮੀ ਦੇ ਆਖ਼ਰੀ ਦਰਸ਼ਨਾਂ ਲਈ ਵੀਜ਼ੇ ਦਿਤੇ ਜਾਣ : ਡਾ. ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਨੇ ਆਜ਼ਾਦੀ ਮੌਕੇ ਹੋਈ ਦੇਸ਼ ਵੰਡ ਦੌਰਾਨ ਜਨਮ ਭੋਂਂ ਤੋਂ ਵਿਛੜਨ ਨੂੰ ਮਜਬੂਰ ਹੋਏ...........

Dharamvir Gandhi

ਚੰਡੀਗੜ੍ਹ : ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਾਗ਼ੀ ਐਮਪੀ ਡਾ. ਧਰਮਵੀਰ ਗਾਂਧੀ ਨੇ ਆਜ਼ਾਦੀ ਮੌਕੇ ਹੋਈ ਦੇਸ਼ ਵੰਡ ਦੌਰਾਨ ਜਨਮ ਭੋਂਂ ਤੋਂ ਵਿਛੜਨ ਨੂੰ ਮਜਬੂਰ ਹੋਏ ਲੋਕਾਂ ਨੂੰ ਅਪਣੇ ਜੱਦੀ ਇਲਾਕਿਆਂ ਦੇ ਆਖ਼ਰੀ ਦਰਸ਼ਨਾਂ ਲਈ ਵੀਜ਼ੇ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੰਤਾਲੀ ਦੀ ਵੰਡ ਸਮੇਂ ਪੰਜਾਬ ਦੀ ਸਰਹੱਦ ਦੇ ਆਰ-ਪਾਰ ਵਸਦੇ ਲੋਕਾਂ ਨੇ ਮਨੁੱਖੀ ਜਾਨਾਂ ਪੱਖੋਂ ਬਹੁਤ ਹਾਨੀ ਝੱਲੀ ਹੈ ਅਤੇ ਅਜੇ ਵੀ ਇਸ ਖ਼ੂਨੀ ਵੰਡ ਦੇ ਰਿਸਦੇ ਜ਼ਖ਼ਮਾਂ ਅਤੇ ਉਸ ਨਾਲ ਜੁੜੀਆਂ ਯਾਦਾਂ ਦੀ ਤੜਪ ਦਿਲਾਂ ਵਿਚ ਲਈ ਬੈਠੇ ਹਨ।

ਸਰਹੱਦ ਦੇ ਦੋਵੇਂ ਪਾਸੇ ਵਡੇਰੀ ਉਮਰ ਦੇ ਬੰਦਿਆਂ ਵਿਚ ਸਰਹੱਦ ਦੇ ਦੂਜੇ ਪਾਰ ਅਪਣੀ ਜਨਮ ਭੂਮੀ ਵੇਖਣ ਦੀ ਤੜਪ ਬਹੁਤ ਜ਼ਿਆਦਾ ਹੈ। ਅਨੁਮਾਨ ਮੁਤਾਬਕ ਇਹ ਗਿਣਤੀ ਲੱਖਾਂ ਵਿਚ ਹੈ।  ਉਨ੍ਹਾਂ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਜਿਹੇ ਪ੍ਰਮਾਣਤ ਸ਼ਰਨਾਰਥੀਆਂ ਦੀ ਇਸ ਪ੍ਰਬਲ ਇੱਛਾਪੂਰਤੀ ਬਾਰੇ ਜੋ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਅਪਣੀ ਜਨਮ ਭੂਮੀ ਦੇ ਦਰਸ਼ਨ ਕਰਨ ਦੇ ਇਛੁਕ ਹਨ, ਕਿਸੇ ਇਕ ਮਦਦਗਾਰ ਸਾਥੀ ਸਮੇਤ, ਵੀਜ਼ਾ ਲਗਾਉਣ ਲਈ ਅਪਣੇ ਪਾਕਿਸਤਾਨੀ ਹਮ-ਰੁਤਬਾ ਨਾਲ ਚਰਚਾ ਕਰੋ ਅਤੇ ਮਨੁੱਖੀ ਹਮਦਰਦੀ ਦੇ ਆਧਾਰ 'ਤੇ ਅਜੇਹੇ ਸਾਰੇ ਲੋਕਾਂ ਲਈ ਵੀਜ਼ੇ ਦਾ ਪ੍ਰਬੰਧ ਕਰਵਾ ਕੇ ਦੇਵੋ ।