ਈਪੀਓਐੱਸ ਮਸ਼ੀਨ ਨਾਲ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ
ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ ਮਸ਼ੀਨ ਤਹਿਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਦਾ ਸੋਮਵਾਰ ਨੂੰ ਵਾਰਡ 33 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ...........
ਖੰਨਾ : ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ ਮਸ਼ੀਨ ਤਹਿਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਦਾ ਸੋਮਵਾਰ ਨੂੰ ਵਾਰਡ 33 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਖੰਨਾ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਉਦਘਾਟਨ ਕੀਤਾ। ਇਸ ਦੌਰਾਨ ਲਾਭਾਪਾਤਰੀਆਂ ਨੂੰ ਰਾਸ਼ਨ ਵੰਡਿਆ ਗਿਆ। ਕੋਟਲੀ ਨੇ ਕਿਹਾ ਕਿ ਇਸ ਯੋਜਨਾ ਨਾਲ ਪਾਰਦਰਸ਼ਤਾ ਵਧੇਗੀ ਤੇ ਰਾਸ਼ਨ ਨਾ ਮਿਲਣ ਦੀਆਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਖ਼ਤਮ ਹੋ ਜਾਣਗੀਆਂ। ਹੁਣ ਅਸਲੀ ਹੱਕਦਾਰ ਨੂੰ ਹੀ ਰਾਸ਼ਨ ਦੀ ਪਰਚੀ ਮਿਲਿਆ ਕਰੇਗੀ। ਏਐੱਫਐੱਸਓ ਮਨੀਸ਼ ਪਜਨੀ ਨੇ ਦੱਸਿਆ ਕਿ ਈਪੀਓਐੱਸ ਮਸ਼ੀਨ ਬਾਇਓਮੈਟ੍ਰਿਕ ਸਿਸਟਮ ਦੇ ਜਰੀਏ ਚਲਦੀ ਹੈ।
ਇੱਕ ਰਾਸ਼ਨ ਕਾਰਡ ਅਧੀਨ ਜਿੰਨੇ ਪਰਿਵਾਰ ਦੇ ਲੋਕ ਆਉਂਦੇ ਹਨ, ਉਨ੍ਹਾਂ ਸਾਰਿਆਂ ਦੇ ਅੰਗੂਠੇ ਦੇ ਨਿਸ਼ਾਨ ਇਸ ਮਸ਼ੀਨ 'ਚ ਫੀਡ ਕੀਤੇ ਗਏ ਹਨ। ਕਿਸੇ ਇੱਕ ਮੈਂਬਰ ਦੇ ਅੰਗੂਠੇ ਤੋਂ ਬਾਅਦ ਹੀ ਰਾਸ਼ਨ ਦੀ ਪਰਚੀ ਮਿਲੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਕਿਸੇ ਦੂਜੇ ਦੇ ਹੱਕ ਦਾ ਰਾਸ਼ਨ ਨਹੀਂ ਲੈ ਪਾਵੇਗਾ। ਪ੍ਰਧਾਨ ਮਹਿਤਾ ਨੇ ਕਿਹਾ ਕਿ ਰਾਸ਼ਨ ਵੰਡ ਨੂੰ ਲੈ ਕੇ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਸਿਸਟਮ ਨੂੰ ਲਾਗੂ ਕੀਤਾ ਹੈ।
ਕਾਂਗਰਸ ਸਰਕਾਰ ਹੀ ਗ਼ਰੀਬਾਂ ਤੇ ਜਰੂਰਤਮੰਦਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਲੀ ਸਰਕਾਰ ਹੈ। ਇਸ ਮੌਕੇ ਫੂਡ ਇੰਸਪੈਕਟਰ ਹਰਭਜਨ ਸਿੰਘ, ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਸਾਬਕਾ ਕੌਂਸਲਰ ਪਰਮੇਸ਼ਵਰ ਕੁਮਾਰ ਬੋਬੀ, ਅਸ਼ੋਕ ਕੁਮਾਰ ਸ਼ੋਕੀ ਆਦਿ ਹਾਜ਼ਰ ਸਨ।