ਸਿੱਖਿਆ ਨੂੰ ਲੈ ਕੇ ਸਰਕਾਰ ਦੇ ਦਾਅਵੇ ਠੁੱਸ, ਅਧਿਆਪਕਾਂ ਤੋਂ ਸੱਖਣੇ ਨੇ ਪੰਜਾਬ ਦੇ 55 ਸਕੂਲ
ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਕਰੀਬ 55 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀ ਤਾਂ ਹੈ ਪਰ ਕੋਈ ਅਧਿਆਪਕ ਨਹੀਂ ਹੈ।
ਚੰਡੀਗੜ੍ਹ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਕਰੀਬ 55 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀ ਤਾਂ ਹੈ ਪਰ ਕੋਈ ਅਧਿਆਪਕ ਨਹੀਂ ਹੈ। ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਵਿਭਾਗ ਦੇ ਅੰਕੜਿਆਂ ਵਿਚ ਕੁਝ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਅਨੁਸਾਰ ਸਰਹੱਦੀ ਖੇਤਰਾਂ ਵਿਚੋਂ 150 ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿਚ ਸਿਰਫ਼ ਇਕ ਹੀ ਅਧਿਆਪਕ ਹੈ। ਉਥੇ ਹੀ ਪੂਰੇ ਸੂਬੇ ਵਿਚ ਸਿਰਫ਼ ਇਕ ਅਧਿਆਪਕ ਨਾਲ ਇਕ ਹਜ਼ਾਰ ਤੋਂ ਜ਼ਿਆਦਾ ਸਕੂਲ ਚੱਲ ਰਹੇ ਹਨ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਮੁੱਢਲੀਆਂ ਸਹੂਲਤਾਂ ਦੀ ਕਮੀ ਅਤੇ ਸਿਆਸੀ ਰਸੂਖ ਕਾਰਨ ਅਧਿਆਪਕ ਸਰਹੱਦੀ ਖੇਤਰਾਂ ਵਿਚ ਅਪਣੀ ਬਦਲੀ ਨਹੀਂ ਕਰਵਾਉਂਦੇ। ਸਰਹੱਦੀ ਖੇਤਰਾਂ ਦੇ ਕੁਝ ਸਕੂਲ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਜਦਕਿ ਬਾਕੀ ਬਚੇ ਸਕੂਲਾਂ ਵਿਚੋਂ ਜ਼ਿਆਦਾਤਰ ਸਕੂਲਾਂ ਵਿਚ ਕੋਈ ਅਧਿਆਪਕ ਨਹੀਂ ਹੈ। ਅਧਿਕਾਰੀਆਂ ਨੇ ਇਹ ਮੰਨਿਆ ਹੈ ਕਿ ਪਿਛਲੇ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ 200 ਤੋਂ ਜ਼ਿਆਦਾ ਅਧਿਆਪਕਾਂ ਦਾ ਸਰਹੱਦੀ ਖੇਤਰਾਂ ਵਿਚ ਤਬਾਦਲਾ ਕੀਤਾ ਗਿਆ ਸੀ। ਹਾਲ ਹੀ ਵਿਚ ਛੇ ਜੂਨ ਨੂੰ ਹੋਈ ਕੈਬਨਿਟ ਫੇਰ ਬਦਲ ਵਿਚ ਉਹਨਾਂ ਕੋਲੋਂ ਸਿੱਖਿਆ ਮੰਤਰਾਲੇ ਦਾ ਚਾਰਜ ਲੈ ਲਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਸਿਆਸੀ ਪਹੁੰਚ ਰੱਖਣ ਵਾਲੇ ਅਧਿਆਪਕ ਫਾਇਦੇ ਵਿਚ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁੱਲ 410 ਸਕੂਲਾਂ ਵਿਚ 605 ਅਧਿਆਪਕ ਤੈਨਾਤ ਹਨ, ਜਿਨ੍ਹਾਂ ਵਿਚੋਂ ਹਰੇਕ ਕੋਲ ਵਿਦਿਆਰਥੀਆਂ ਦੀ ਗਿਣਤੀ 20 ਤੋਂ ਵੀ ਘੱਟ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਤਬਾਦਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਸਾਰੇ ਸਕੂਲਾਂ ਵਿਚ ਅਧਿਆਪਕਾਂ ਦੀ ਤੈਨਾਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।