ਪੁਲਿਸ ਨੇ ਬਜ਼ੁਰਗ ਰਿਕਸ਼ਾ ਚਾਲਕ ਨੂੰ ਜੜੇ ਥੱਪੜ
ਅਪਾਹਜ਼ ਨੂੰ ਟਰੇਨ ਤਕ ਪਹੁੰਚਾਉਣ ਲਈ ਰਿਕਸ਼ਾ ਪਲੇਟਫਾਰਮ 'ਤੇ ਲਿਆਇਆ ਸੀ ਚਾਲਕ
ਜਲੰਧਰ : ਤੁਸੀਂ ਪੰਜਾਬੀ ਦੀ ਕਹਾਵਤ ਸੁਣੀ ਹੋਵੇਗੀ ਕਿ ਨੇਕੀ ਕਰ ਛਿੱਤਰ ਖਾ। ਅਜਿਹੀ ਹੀ ਇਕ ਘਟਨਾ ਜਲੰਧਰ ਰੇਲਵੇ ਸਟੇਸ਼ਨ 'ਤੇ ਵਾਪਰੀ। ਜਿਥੇ ਇਕ ਰਿਕਸ਼ਾ ਚਾਲਕ ਨੂੰ ਇਕ ਅਪਾਹਜ਼ ਦੀ ਮਦਦ ਕਰਨੀ ਮਹਿੰਗੀ ਪੈ ਗਈ। ਇਸ ਰਿਕਸ਼ਾ ਚਾਲਕ ਨੂੰ ਰਿਕਸ਼ਾ ਪਲੇਟਫ਼ਾਰਮ 'ਤੇ ਲਿਆਉਣ ਕਾਰਨ ਪੁਲਿਸ ਦੀਆਂ ਚਪੇੜਾਂ ਖਾਣੀਆਂ ਪਈਆਂ। ਇਸ ਘਟਨਾ ਦੀ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਇਸ ਵੀਡੀਓ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਇਕ ਗਰੀਬ ਰਿਕਸ਼ਾ ਚਾਲਕ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਜਲੰਧਰ ਦੇ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ। ਉਂਝ ਇਹ ਵੀਡੀਓ ਕਾਫੀ ਪੁਰਾਣੀ ਹੈ ਪਰ ਹੁਣ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਬਜ਼ੁਰਗ ਰਿਕਸ਼ਾ ਚਾਲਕ ਕਿਸੇ ਅਪਾਹਜ਼ ਨੂੰ ਟਰੇਨ ਤਕ ਪਹੁੰਚਾਉਣ ਲਈ ਆਪਣਾ ਰਿਕਸ਼ਾ ਪਲੇਟਫ਼ਾਰਮ 'ਤੇ ਹੀ ਲੈ ਜਾਂਦਾ ਹੈ, ਜਿਸ ਦਾ ਪੁਲਿਸ ਅਧਿਕਾਰੀਆਂ ਵਲੋਂ ਵਿਰੋਧ ਕੀਤਾ ਜਾਂਦਾ ਹੈ। ਉਥੇ ਮੌਜੂਦ ਦੋ ਪੁਲਿਸ ਅਧਿਕਾਰੀਆਂ ਨੇ ਬਜ਼ੁਰਗ ਰਿਕਸ਼ਾ ਚਾਲਕ ਦੀ ਕੁੱਟਮਾਰ ਕਰਦੇ ਹੋਏ ਥੱਪੜ ਜੜ ਦਿੱਤੇ।
ਇਸ ਦੇ ਨਾਲ ਹੀ ਉਹ ਪਲੇਟਫ਼ਾਰਮ ਤਕ ਰਿਕਸ਼ਾ ਲੈ ਕੇ ਆਉਣ ਲਈ ਬਜ਼ੁਰਗ ਨੂੰ 800 ਦੇ ਕਰੀਬ ਜੁਰਮਾਨਾ ਦੇਣ ਦੀ ਵੀ ਗੱਲ ਕਹੀ। ਇਸ 'ਤੇ ਬਜ਼ੁਰਗ ਕਹਿੰਦਾ ਹੈ ਕਿ ਇੰਨੀ ਤਾਂ ਮੈਨੂੰ ਦਿਹਾੜੀ ਵੀ ਨਹੀਂ ਪੈਂਦੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ।