ਰੈਲੀ ਦੌਰਾਨ ਬੀਬੀ ਭੱਠਲ ਨੇ ਨੌਜਵਾਨ ਦੇ ਜੜਿਆ ਥੱਪੜ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਨੇ ਬੀਬੀ ਭੱਠਲ ਨੂੰ ਪਿਛਲੇ 25 ਸਾਲਾਂ ਦੇ ਕੰਮਾਂ ਬਾਰੇ ਕੀਤਾ ਸੀ ਸਵਾਲ

Bibi Rajinder Kaur Bhattal slapped youth, video viral

ਸੰਗਰੂਰ : ਪੰਜਾਬ 'ਚ ਲੋਕ ਸਭਾ ਚੋਣਾਂ ਕਰ ਕੇ ਮਾਹੌਲ ਪੂਰਾ ਗਰਮ ਹੈ। ਸਾਰੇ ਆਗੂ ਆਪੋ-ਆਪਣੇ ਹਲਕਿਆਂ 'ਚ ਚੋਣ ਪ੍ਰਚਾਰ ਕਰ ਰਹੇ ਹਨ। ਸੰਗਰੂਰ 'ਚ ਕਾਂਗਰਸ ਦੀ ਰੈਲੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਇਕ ਨੌਜਵਾਨ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਹ ਨੌਜਵਾਨ ਉਨ੍ਹਾਂ ਨੂੰ ਸਵਾਲ ਕਰ ਰਿਹਾ ਸੀ।

ਜਾਣਕਾਰੀ ਮੁਤਾਬਕ ਬੀਬੀ ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ 'ਚ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਸਨ। ਅੱਜ ਉਹ ਬੁਸ਼ਹਿਰਾ ਪਿੰਡ 'ਚ ਰੈਲੀ ਕਰ ਰਹੇ ਹਨ। ਇਸ ਦੌਰਾਨ ਕੁਝ ਨੌਜਵਾਨਾਂ ਨੇ ਉੱਥੇ ਸ਼ੋਰ-ਸ਼ਰਾਬਾ ਕਰਨਾ ਸ਼ੁਰੂ ਕਰ ਦਿੱਤਾ। ਇਹ ਨੌਜਵਾਨ ਬੀਬੀ ਭੱਠਲ ਨੂੰ ਪਿਛਲੇ 25 ਸਾਲਾਂ ਤੋਂ ਉਨ੍ਹਾਂ ਆਪਣੇ ਹਲਕੇ ਵਿਚ ਕੀ ਕੰਮ ਕੀਤੇ ਹਨ, ਬਾਰੇ ਪੁੱਛ ਰਹੇ ਸਨ। ਇਹ ਸੁਣਦਿਆਂ ਬੀਬੀ ਭੱਠਲ ਨੇ ਨੌਜਵਾਨ ਨੂੰ ਚਪੇੜ ਮਾਰ ਦਿੱਤੀ। 

ਘਟਨਾ ਮਗਰੋਂ ਉਹ ਤੁਰੰਤ ਰੈਲੀ ਵਾਲੀ ਥਾਂ ਤੋਂ ਚਲੀ ਗਈ। ਇਸ ਦੌਰਾਨ ਨੌਜਵਾਨਾਂ ਨੇ ਉਨ੍ਹਾਂ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ।