108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਤਨਖ਼ਾਹ 'ਚ 5 ਹਜ਼ਾਰ ਰੁਪਏ ਦਾ ਵਾਧਾ ਅਤੇ ਹੋਰ ਹੱਕੀ ਮੰਗਾਂ ਲਈ ਸਰਕਾਰ ਨੂੰ ਦਿਤਾ ਅਲਟੀਮੇਟਮ
ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ 4 ਅਗਸਤ ਨੂੰ 108 ਦੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ
ਚੰਡੀਗੜ੍ਹ : 108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਸਲ ਵਿਚ ਮੁਲਾਜ਼ਮਾਂ ਵਲੋਂ ਤਨਖ਼ਾਹ ਵਿਚ ਵਾਧੇ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਸਰਕਾਰ ਨੂੰ 71 ਘੰਟੇ ਦਾ ਅਲਟੀਮੇਟਮ ਦਿਤਾ ਗਿਆ ਹੈ।
108 ਐਮਬੂਲੈਂਸ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚਾਰ ਅਗਸਤ ਨੂੰ 12 ਵਜੇ ਤੋਂ ਬਾਅਦ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ 4 ਅਗਸਤ ਨੂੰ 108 ਐਂਬੂਲੈਂਸ ਦੀਆਂ ਸੇਵਾਵਾਂ ਬੰਦ ਕਰ ਦਿਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਖੇਤ 'ਚ ਕੰਮ ਕਰਦੇ ਸਮੇਂ ਕਿਰਤੀ ਨੂੰ ਸੱਪ ਨੇ ਡੰਗਿਆ
ਜ਼ਿਕਰਯੋਗ ਹੈ ਕਿ ਤਨਖ਼ਾਹ ਵਧਾਉਣ ਅਤੇ ਅਪਣੀਆਂ ਹੋਰ ਮੰਗਾਂ ਨੂੰ ਲੈ ਕੇ ਐਂਬੂਲੈਂਸ ਮੁਲਾਜ਼ਮਾਂ ਨੇ ਜਨਵਰੀ ਮਹੀਨੇ ਦੌਰਾਨ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਲਗਾਇਆ ਸੀ। ਜਿਸ ਤੋਂ ਬਾਅਦ ਉਸ ਸਮੇਂ ਦੇ ਸਿਹਤ ਮੰਤਰੀ ਨੇ ਕਰਮਚਾਰੀਆਂ ਦੀ ਮੰਗਾਂ ਮੰਨਣ ਅਤੇ ਤਨਖ਼ਾਹ ਵਿਚ 5000 ਰੁਪਏ ਵਾਧੇ ਸਮੇਤ ਕੰਪਨੀ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ ਸੀ।
ਇਹ ਵੀ ਪੜ੍ਹੋ: ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼-2023 : ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਜਿੱਤੇ 2 ਤਮਗ਼ੇ
ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪੰਜ ਹਜ਼ਾਰ ਵਾਧਾ ਦੇਣ ਦਾ ਵਾਅਦਾ ਕੀਤਾ ਸੀ, ਅਜੇ ਤਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ 108 ਸਟਾਫ਼ ਨੂੰ ਕੰਪਨੀ ਦੇ ਠੇਕੇ ਰੱਦ ਕਰ ਕੇ ਸਰਕਾਰ ਤੁਰਤ ਅਪਣੇ ਅਧੀਨ ਲਵੇ ਤਾਂ ਜੋ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੇਣ ਵਾਲੇ ਇਸ ਸਟਾਫ਼ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਐਂਬੂਲੈਂਸਾਂ ਚਲਾਉਣ ਵਾਲੀ ਕੰਪਨੀ ਵੱਡੇ ਫਰਾਡ ਕਰਦੀ ਹੈ ਜਿਸ ਕਾਰਨ ਪੰਜਾਬ ਸਰਕਾਰ ਇਨ੍ਹਾਂ ਘੁਟਾਲਿਆਂ ਦੀ ਜਾਂਚ ਕਰਵਾਏ।