ਦਰਬਾਰ ਸਾਹਿਬ ਦੇ ਰਸਤਿਆਂ ਦੀ ਸਫ਼ਾਈ ਲਈ ਮੇਅਰ ਨੇ ਦਿਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਦੀ ਸਾਫ਼-ਸਫ਼ਾਈ ਤੇ ਮੁਰੰਮਤ ਕਰਵਾਉਣ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ.......

Amritsar Heritage Walk

ਅੰਮ੍ਰਿਤਸਰ :  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਦੀ ਸਾਫ਼-ਸਫ਼ਾਈ ਤੇ ਮੁਰੰਮਤ ਕਰਵਾਉਣ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਨਾ ਵਧਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ. ਕਰਮਜੀਤ ਸਿੰਘ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।

ਉਨ੍ਹਾਂ ਨੇ ਮੇਅਰ ਨੂੰ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ ਪਰ ਇਸ ਪਾਵਨ ਅਸਥਾਨ ਨੂੰ ਆਉਂਦੇ ਮਾਰਗਾਂ 'ਤੇ ਸੰਗਤਾਂ ਨੂੰ ਆਵਾਜਾਈ ਸਮੇਂ ਅਨੇਕਾਂ ਕਠਿਨਾਈਆਂ 'ਚੋਂ ਲੰਘਣਾ ਪੈਂਦਾ ਹੈ। ਇਨ੍ਹਾਂ ਰਸਤਿਆਂ ਵਿੱਚੋਂ ਮੁੱਖ ਰਸਤੇ ਸੁਲਤਾਨਵਿੰਡ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਟ੍ਰੈਫਿਕ ਵਿਵਸਥਾ ਦਾ ਮੰਦਾ ਹਾਲ ਹੈ ਅਤੇ ਇਸ ਰਸਤੇ ਤੇ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਵੀ ਬਾਹਰ ਵਧਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੇਅਰ ਨੇ ਇਸ ਸਬੰਧੀ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ 10 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੱਕ ਬਾਜਾਰ ਦੇ ਰਸਤੇ ਦੀ ਮੁਰੰਮਤ ਲਈ ਵੀ ਗੱਲਬਾਤ ਕੀਤੀ ਗਈ ਜਿਸ ਲਈ ਉੇਨ੍ਹਾਂ ਆਉਂਦੇ ਦੋ-ਚਾਰ ਦਿਨਾਂ ਵਿਚ ਹੀ ਕਾਰਵਾਈ ਆਰੰਭ ਦੇਣ ਦਾ ਯਕੀਨ ਦਿਵਾਇਆ।  

ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬਾਂ ਸਬੰਧੀ ਜੋਰਦਾਰ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸੇ ਸਬੰਧ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰਨਾਂ ਅਧਿਕਾਰੀਆਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ 10 ਸਤੰਬਰ ਨੂੰ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 26 ਅਕਤੂਬਰ ਨੂੰ ਮਨਾਇਆ ਜਾਣਾ ਹੈ। ਇਨ੍ਹਾਂ ਗੁਰਪੁਰਬਾਂ ਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਪ੍ਰਬੰਧਾਂ ਲਈ ਗੰਭੀਰ ਹੈ।