ਗ੍ਰਹਿ ਮੰਤਰਾਲੇ ਨੇ ਨਵਜੋਤ ਸਿੱਧੂ ਦੀ ਪਾਕਿ ਫੇਰੀ 'ਚ ਅੜਿੱਕਾ ਡਾਹਿਆ-ਸਿਆਸੀ ਮੰਜ਼ੂਰੀ ਜ਼ਰੂਰੀ ਕਰ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੈਬਨਿਟ ਮੰਤਰੀ ਅਤੇ ਕ੍ਰਿਕਟਰ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਮਿੱਤਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ...

Navjot Sidhu

ਚੰਡੀਗੜ੍ਹ (ਕੰਵਲਜੀਤ ਸਿੰਘ ਬਨਵੈਤ): ਸਾਬਕਾ ਕੈਬਨਿਟ ਮੰਤਰੀ ਅਤੇ ਕ੍ਰਿਕਟਰ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਮਿੱਤਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸ਼ਾਮਲ ਹੋਣ ਲਈ ਸੱਦਾ ਤਾਂ ਦੇ ਦਿਤਾ ਪਰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼ਰਤ ਲਗਾਉਣ ਨਾਲ ਉਨ੍ਹਾਂ ਦੀ ਪਾਕਿ ਫੇਰੀ 'ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਧੂ ਉਤੇ ਪਾਕਿਸਤਾਨ ਜਾਣ ਲਈ 'ਸਿਆਸੀ ਮੰਜ਼ੂਰੀ' ਲੈਣੀ ਜ਼ਰੂਰੀ ਕਰ ਦਿਤੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿਹੜੇ ਸਿਆਸੀ ਲੋਕ ਪਾਕਿਸਤਾਨ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਮੰਜ਼ੂਰੀ ਲੈਣਾ ਲਾਜ਼ਮੀ ਕਰ ਦਿਤਾ ਹੈ। ਇਮਰਾਨ ਨੇ ਸਿੱਧੂ ਨੂੰ 9 ਨਵੰਬਰ ਨੂੰ ਪਾਕਿ ਆਉਣ ਦਾ ਸੱਦਾ ਦਿਤਾ ਸੀ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਪਹਿਲੇ ਜਥੇ ਵਿਚ ਪਾਕਿਸਤਾਨ ਜਾਣ ਵਾਲੇ 480 ਸ਼ਰਧਾਲੂਆਂ ਲਈ ਉਧਰਲੀ ਸਰਕਾਰ ਦੀ ਮੰਜ਼ੂਰੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਸਰਕਾਰ ਵਲੋਂ ਲਾਂਘੇ ਦੇ ਉਦਘਾਟਨ ਤੋਂ
ਬਾਅਦ ਜਿਹੜਾ ਜਥਾ ਪਾਕਿ ਜਾ ਰਿਹਾ ਹੈ

ਉਸ ਵਿਚ ਸ਼ਾਮਲ ਸਿਆਸੀ, ਸਾਹਿਤਕ ਅਤੇ ਪੱਤਰਕਾਰਤਾ ਸਮੇਤ ਹੋਰ ਖੇਤਰਾਂ ਦੀਆਂ ਸ਼ਖ਼ਸੀਅਤਾਂ ਵਿਚ ਸਿੱਧੂ ਦਾ ਨਾਂ ਨਹੀਂ ਰਖਿਆ। ਬੀਤੇ ਕਲ ਇਮਰਾਨ ਖ਼ਾਨ ਵਲੋਂ ਸਿੱਧੂ ਨੂੰ ਸੱਦਾ ਦੇਣ ਨਾਲ ਨਵੀਂ ਚਰਚਾ ਛਿੜ ਗਈ ਸੀ ਅਤੇ ਸਿੱਧੂ ਨੇ ਅਪਣੇ ਮਿੱਤਰ ਦਾ ਸੱਦਾ ਪ੍ਰਵਾਨ ਕਰ ਕੇ ਪਾਕਿ ਜਾਣ ਦਾ  ਐਲਾਨ ਕਰ ਦਿਤਾ ਸੀ ਪਰ ਗ੍ਰਹਿ ਮੰਤਰਾਲੇ ਦੀ ਨਵੀਂ ਸ਼ਰਤ ਨਾਲ ਇਮਰਾਨ ਦੀ ਮਿੱਤਰਤਾ ਪੁਗਾਉਣ ਅਤੇ ਸਿੱਧੂ ਨੂੰ ਮਾਣ ਸਨਮਾਨ ਦੇਣ ਦੀ ਤਰਕੀਬ ਧਰੀ ਧਰਾਈ ਰਹਿੰਦੀ ਲੱਗਦੀ ਹੈ।
 

ਸਿੱਧੂ ਦੇ ਮੁੜ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਛਿੜੀ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਸਿੱਧੂ ਦੇ ਫਿਰ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਸ ਦੇ ਸਬੰਧ ਵਿਚ ਸਿੱਧੂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ। ਸਿੱਧੂ ਦੀ ਇਸ ਖ਼ਬਰ ਨੇ ਕਾਂਗਰਸ ਨੂੰ ਦੁਚਿੱਤੀ ਵਿਚ ਪਾ ਦਿਤਾ ਹੈ। ਦੱਸ ਦਈਏ ਕਿ ਇਸ ਮੁਲਾਕਾਤ ਬਾਰੇ ਅਜੇ ਤਕ ਨਾ ਤਾਂ ਭਾਜਪਾ ਨੇ ਕੋਈ ਪੁਸ਼ਟੀ ਕੀਤੀ ਹੈ ਅਤੇ ਨਾ ਹੀ  ਨਵਜੋਤ ਸਿੰਘ ਸਿੱਧੂ ਨੇ।

ਜਾਣਕਾਰੀ ਅਨੁਸਾਰ ਸਿੱਧੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਉੱਡ ਰਹੀ ਅਫਵਾਹ ਦੇ ਸਬੰਧ ਵਿਚ ਭਾਜਪਾ ਦੇ ਯੁਵਾ ਆਗੂ ਸੰਨੀ ਚੋਪੜਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਨਾ ਸਿਰਫ਼ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਜਪਾ ਦੇ ਨਵੇਂ ਸੰਭਾਵਤ ਸੂਬਾ ਪ੍ਰਧਾਨ ਦਸਿਆ, ਸਗੋਂ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਛੇਤੀ ਹੀ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਪੋਸਟ 'ਚ ਇਹ ਵੀ ਜ਼ਿਕਰ ਕਰ ਦਿੱਤਾ ਕਿ ਸਿੱਧੂ ਨੂੰ ਭਾਜਪਾ 'ਚ ਮੁੜ ਤੋਂ ਸ਼ਾਮਲ ਕਰਨ ਦੇ ਸਬੰਧ 'ਚ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਬੈਠਕ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।