ਕੁਲਦੀਪ ਸਿੰਘ ਵਡਾਲਾ ਅਤੇ ਨਵਜੋਤ ਸਿੰਘ ਸਿੱਧੂ ਦਾ ਸਨਮਾਨ ਅਤੇ ਧਨਵਾਦ ਜ਼ਰੂਰੀ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਬਿਨਾਂ ਦੇਰੀ ਕਰੇ ਪਹਿਲਕਦਮੀ

Giani Jagtar Singh Jachak

ਕੋਟਕਪੂਰਾ : ਮਨੁੱਖਤਾਵਾਦੀ ਤੇ ਕ੍ਰਾਂਤੀਕਾਰੀ ਰੂਹਾਨੀ ਰਹਿਬਰ ਗੁਰੂ ਨਾਨਕ ਸਾਹਿਬ ਜੀ ਨੇ 'ਧੁਰ ਕੀ ਬਾਣੀ' ਦੁਆਰਾ ਹਰ ਇਕ ਮਨੁੱਖ ਨੂੰ ਵਿਅਕਤੀਗਤ ਧੜਿਆਂ ਦੀ ਥਾਂ“ਹਮਰਾ ਧੜਾ ਹਰਿ ਰਹਿਆ ਸਮਾਈ”(ਪੰ.366) ਕਹਿ ਕੇ ਧਰਮ-ਧੜਾ ਬਣਾ ਕੇ ਜੀਉਣ ਦੀ ਪ੍ਰੇਰਣਾ ਕੀਤੀ ਹੈ। 'ਏਕੋ ਧਰਮੁ ਦ੍ਰਿੜੈ ਸਚੁ ਕੋਈ”(ਪੰ.1188) ਗੁਰਵਾਕ ਦੀ ਰੋਸ਼ਨੀ 'ਚ ਉਹ ਧਰਮ ਹੈ, ਸਦਾ ਸੱਚ ਦਾ ਪੱਖ ਲੈਣਾ, ਨਾ ਕਿ ਅਜੋਕੇ ਰਾਜਨੀਤਕ ਵਰਤਾਰੇ ਵਾਂਗ ਵਿਅਕਤੀਗਤ ਧੜਿਆਂ 'ਚ ਫਸ ਕੇ ਸੱਚ ਨੂੰ ਪਿੱਠ ਦੇਣੀ। ਹੁਣ ਜਦੋਂ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾ ਰਹੇ ਹਨ ਤਾਂ ਉਨ੍ਹਾਂ ਦਾ ਧਰਮ ਬਣਦਾ ਹੈ ਕਿ ਰਾਜਨੀਤਕ ਧੜੇਬੰਦੀ ਤੋਂ ਉਚਾ ਉਠ ਕੇ ਉਹ ਸੱਚ ਦਾ ਪੱਖ ਲੈਣ।

'ਰੋਜ਼ਾਨਾ ਸਪੋਕਸਮੈਨ' ਨਾਲ ਹੋਈ ਗੱਲਬਾਤ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਖਿਆ ਕਿ ਮਰਹੂਮ ਅਕਾਲੀ ਨੇਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਲੋਕਪੱਖੀ ਨੌਜਵਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿਸ਼ੇਸ਼ ਧਨਵਾਦ ਤੇ ਸਨਮਾਨ ਕਰੇ, ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ 'ਚ ਇਨ੍ਹਾਂ ਦੋਹਾਂ ਸੱਜਣਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਵੇਰਵੇ ਸਹਿਤ ਵਰਨਣ ਕੀਤਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦੀਦਾਰ ਤੇ ਸੇਵਾ-ਸੰਭਾਲ ਪ੍ਰਤੀ ਸਿੱਖ ਜਗਤ ਦੀ ਅਰਦਾਸ ਅਤੇ ਪੰਜਾਬ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਵਡਾਲਾ ਨੇ ਕੁਲਦੀਪ ਨਈਅਰ ਦੇ ਸਹਿਯੋਗ ਨਾਲ, ਜਿਥੇ ਭਾਰਤ ਤੇ ਪਾਕਿਸਤਾਨ ਸਰਕਾਰ ਨਾਲ ਲਾਂਘਾ ਖੋਲ੍ਹਣ ਲਈ ਗੱਲਬਾਤ ਨਿਰੰਤਰ ਜਾਰੀ ਰੱਖੀ।

ਉਥੇ, ਕਈ ਸਾਲ ਹਰ ਵਰ੍ਹੇ ਕਰਤਾਰਪੁਰ ਸਾਹਿਬ ਦੇ ਸਾਹਮਣੇ ਬਾਰਡਰ 'ਤੇ ਅਪਣੇ ਸਾਥੀਆਂ ਨਾਲ ਸਾਂਝੀ ਅਰਦਾਸ ਕਰ ਕੇ ਇਸ ਤਾਂਘ ਨੂੰ ਹੋਰ ਵੀ ਪ੍ਰਚੰਡ ਕਰਦੇ ਰਹੇ। ਉਹ ਸਮਝਦੇ ਸਨ ਕਿ ਇਹ ਲਾਂਘਾ ਜਿਥੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਅੰਦਰਲੀ ਕੁੜੱਤਣ ਘਟਾਏਗਾ, ਰਿਸ਼ਤੇ ਸੁਧਾਰੇਗਾ ਅਤੇ ਪੰਜਾਬ ਤੇ ਪਾਕਿਸਤਾਨ ਦੇ ਦੁਵਲੇ ਵਪਾਰ ਰਾਹੀਂ ਦੋਹਾਂ ਧਿਰਾਂ ਨੂੰ ਆਰਥਕ ਲਾਭ ਹੋਏਗਾ। ਉਥੇ ਇਹ ਲਾਂਘਾ ਪੰਜਾਬ ਨੂੰ ਐਟਮੀ ਜੰਗ ਦਾ ਕੇਂਦਰ ਬਣਨ ਤੋਂ ਵੀ ਬਚਾਏਗਾ। ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਦੋਸਤੀ ਦਾ ਲਾਭ ਲੈਂਦਿਆਂ ਜਿਥੇ ਉਸ ਨੂੰ ਉਪਰੋਕਤ ਕਾਰਜ ਲਈ ਪ੍ਰੇਰਿਆ ਤੇ ਸਹਿਮਤ ਕੀਤਾ। ਇਸ ਪੱਖੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਬਾਜਵੇ ਨੂੰ ਅਪਣੀ ਜੱਫੀ 'ਚ ਲੈ ਕੇ ਮਨਾਇਆ ਕਿਉਂਕਿ ਸੁਰੱਖਿਆ ਪੱਖੋਂ ਉਸ ਦੀ ਮਨਜ਼ੂਰੀ ਵੀ ਜ਼ਰੂਰੀ ਸੀ। ਇਸ ਪ੍ਰਕਾਰ ਸਿੱਧੂ ਨੇ ਪੰਜਾਬੀਆਂ ਤੇ ਸਮੁੱਚੇ ਸਿੱਖ ਜਗਤ ਨੂੰ ਪਾਕਿਸਤਾਨ ਵਲੋਂ ਲਾਂਘਾ ਖੋਲ੍ਹੇ ਜਾਣ ਦੀ ਖ਼ੁਸ਼ਖ਼ਬਰੀ ਸੁਣਾਈ। ਭੁੱਲਣਾ ਨਹੀਂ ਚਾਹੀਦਾ ਕਿ ਇਸ ਖ਼ੁਸ਼ਖ਼ਬਰੀ ਦੇ ਸਿੱਟੇ ਵਜੋਂ ਹੀ ਭਾਰਤ ਸਰਕਾਰ ਨੇ ਇਹ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ, ਜਿਸ ਦੀ ਬਦੌਲਤ ਹੁਣ ਅਸੀਂ ਸਾਰੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਾਂਗੇ।