ਨਵਜੋਤ ਸਿੰਘ ਸਿੱਧੂ ਵੀ ਜਾਣਗੇ ਪਾਕਿਸਤਾਨ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਇਮਰਾਨ ਖ਼ਾਨ ਨੇ ਭੇਜਿਆ ਸੱਦਾ

Navjot Singh Sidhu

ਨਵੀਂ ਦਿੱਲੀ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਹੈ। ਇਮਰਾਨ ਖ਼ਾਨ ਦਾ ਪਾਰਟੀ ਤਹਿਰੀਕ-ਏ-ਇਨਸਾਫ਼ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਸੱਦਾ ਭੇਜਿਆ ਗਿਆ ਹੈ। ਪਾਰਟੀ ਦੇ ਸੀਨੇਟਰ ਫ਼ੈਜਲ ਜਾਵੇਦ ਖ਼ਾਨ ਨੇ ਇਮਰਾਨ ਖ਼ਾਨ ਦੇ ਕਹਿਣ 'ਤੇ ਸਿੱਧੂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ।

ਹਾਲਾਂਕਿ ਸਿੱਧੂ ਵਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਉਹ ਪਾਕਿਸਤਾਨ ਜਾਣਗੇ ਜਾਂ ਨਹੀਂ। ਹਾਲਾਂਕਿ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਮਰਾਨ ਖ਼ਾਨ ਦਾ ਸੱਦਾ ਸਵੀਕਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾਣਾ ਹੈ। ਇਸ ਸਮਾਗਮ 'ਚ ਭਾਰਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਹੋ ਰਹੇ ਹਨ, ਪਰ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਸ਼ਰਧਾਲੂ ਵਜੋਂ ਜਾਣਗੇ ਜਾਂ ਪਾਕਿਸਤਾਨ ਦੇ ਸੱਦੇ 'ਤੇ ਜਾਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਸਮੇਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੌਰੇ 'ਤੇ ਗਏ ਸਨ, ਜਿਥੇ ਉਨ੍ਹਾਂ ਨੇ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਲਈ ਸੀ ਅਤੇ ਉਸ ਤੋਂ ਬਾਅਦ ਭਾਰਤ ਦੀ ਰਾਜਨੀਤੀ ਵਿਚ ਤੂਫਾਨ ਆਇਆ ਸੀ। ਸਿੱਧੂ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਬਾਜਵਾ ਖੁਦ ਆਇਆ ਅਤੇ ਉਨ੍ਹਾਂ ਨੂੰ ਜੱਫੀ ਪਾਈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਾਕਿਸਤਾਨ ਭੇਜੇ ਜਾ ਰਹੇ 31 ਮੈਂਬਰੀ ਵਫ਼ਦ ਵਿਚ ਵਿਧਾਇਕ ਵਜੋਂ ਵੀ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਇਸ ਵਫ਼ਦ 'ਚ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ ਅਤੇ ਬਲਬੀਰ ਸਿੰਘ ਸਿੱਧੂ ਦੇ ਨਾਲ-ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਗੁਰਜੀਤ ਸਿੰਘ ਔਜਲਾ (ਦੋਵੇਂ ਕਾਂਗਰਸੀ), ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਆਪ ਵਿਧਾਇਕ ਹਰਪਾਲ ਸਿੰਘ ਚੀਮਾ, ਪੰਜਾਬ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਧਾਇਕ ਦਲ ਪਰਮਿੰਦਰ ਸਿੰਘ ਢੀਂਡਸਾ, ਪੰਜਾਬ ਸਰਕਾਰ ਦੇ 9 ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਤੇ ਵੱਖ-ਵੱਖ ਅਦਾਰਿਆਂ ਦੇ ਸੀਨੀਅਰ ਪੱਤਰਕਾਰ ਸ਼ਾਮਲ ਹਨ।