ਪਾਕੂਰੰਗਾ ਦੇ ਸੇਂਟ ਕੇਂਟੀਗਰਨ ਕਾਲਜ ਵਿਚ ਪਹਿਲੀ ਵਾਰ ਸਿੱਖ ਨੌਜਵਾਨ ਬਣਿਆ 'ਡਿਪਟੀ ਹੈੱਡ ਬੁਆਏ'

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ਦੇ ਇਕ ਵਕਾਰੀ ਕਾਲਜ ਵਿਚ ਡਿਪਟੀ ਹੈੱਡ ਬੁਆਏ ਬਣੇ ਸਿੱਖ ਨੌਜਵਾਨ ਹਰਜੋਤ ਸਿੰਘ

Harjot Singh and Others

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੇ ਵਕਾਰੀ ਸਕੂਲਾਂ-ਕਾਲਜਾਂ ਵਿਚ ਬੱਚਿਆਂ ਲਈ ਦਾਖ਼ਲਾ ਲੈਣਾ ਮਾਪਿਆਂ ਲਈ ਇਕ ਸੁਪਨਾ ਹੁੰਦਾ ਹੈ। ਇਥੇ ਪੜ੍ਹਦੇ ਕੁੱਝ ਬੱਚੇ ਵੀ ਮਾਪਿਆਂ ਦਾ ਸੁਪਨਾ ਪੂਰਾ ਕਰਦਿਆਂ ਇਕ ਦਿਨ ਉਨ੍ਹਾਂ ਦਾ ਸੀਨਾ ਉਦੋਂ ਹੋਰ ਚੌੜਾ ਕਰ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਕਾਲਜ ਦੀ ਅਗਵਾਈ ਕਰਨ ਲਈ ਵੀ ਚੁਣਿਆ ਜਾਂਦਾ ਹੈ।

ਇਥੇ ਦੇ ਸਕੂਲਾਂ ਕਾਲਜਾਂ ਵਿਚ ਹੈੱਡ ਬੁਆਏ ਅਤੇ ਹੈੱਡ ਗਰਲ ਹੁੰਦੇ ਹਨ। ਪਾਕੂਰੰਗਾ ਵਿਖੇ ਸਥਿਤ ਸੇਂਟ ਕੇਂਟੀਗਰਨ ਕਾਲਜ ਦੀ ਚੁਣੀ ਗਈ ਹੈੱਡ ਟੀਮ ਜਿਸ ਵਿਚ ਮੁੰਡੇ ਅਤੇ ਕੁੜੀਆਂ ਸ਼ਾਮਲ ਹਨ, ਵਿਚ ਪਹਿਲੀ ਵਾਰ ਇਕ ਸਿੱਖ ਨੌਜਵਾਨ ਹਰਜੋਤ ਸਿੰਘ ਧਾਰਨੀ ਨੇ ਅਪਣੀ ਥਾਂ ਬਣਾ ਲਈ ਹੈ। ਇਸ ਕਾਲਜ ਵਿਚ ਸ਼ਾਇਦ ਇਹ ਪਹਿਲਾ ਪੰਜਾਬੀ ਅਤੇ ਸਿੱਖ ਨੌਜਵਾਨ ਹੈ ਜਿਸ ਨੂੰ ਡਿਪਟੀ ਹੈੱਡ ਬੁਆਏ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਵੀ ਉਹ ਨੌਜਵਾਨ ਮਿਸ਼ਨ ਹਾਈਟ ਜੂਨੀਅਰ ਕਾਲਜ ਵਿਚ ਐਗਜੀਕਿਊਟਿਵ ਕੌਂਸਲ ਰਹਿ ਚੁੱਕਾ ਹੈ। ਇਸ ਨੌਜਵਾਨ ਦੇ ਪਿਤਾ ਸ. ਜਸਵਿੰਦਰ ਸਿੰਘ ਮਿੰਟੂ ਹਨ ਜਦਕਿ ਮਾਤਾ ਦਾ ਨਾਂਅ ਅਵਤਾਰ ਕੌਰ ਹੈ। ਇਸ ਪ੍ਰਵਾਰ ਦਾ ਪਿੰਡ ਰਾਮਰਾਏਪੁਰ ਜ਼ਿਲ੍ਹਾ ਨਵਾਂਸ਼ਹਿਰ ਹੈ।