ਖੇਤੀ ਕਾਨੂੰਨ: ਪੰਜਾਬ ’ਚੋਂ ਨੌਜਵਾਨਾਂ ਦੇ ਕਾਫ਼ਲਿਆਂ ਦਾ ਦਿੱਲੀ ਮੋਰਚੇ ਵਲ ਜਾਣਾ ਜਾਰੀ
ਦਿੱਲੀ ਗਏ ਕਿਸਾਨਾਂ ਦੇ ਹੌਸਲੇ ਅਤੇ ਜਜ਼ਬੇ ਪੂਰੀ ਤਰ੍ਹਾਂ ਕਾਇਮ, ਨੌਜਵਾਨਾਂ 'ਚ ਭਾਰੀ ਉਤਸ਼ਾਹ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਅਗਵਾਈ ’ਚ ਪੰਜਾਬ ’ਚੋਂ ਨੌਜਵਾਨਾਂ ਦੇ ਕਾਫ਼ਲਿਆਂ ਦਾ ਦਿੱਲੀ ਲਈ ਕੂਚ ਜਾਰੀ ਹੈ। ਪਿੰਡ ਗ਼ਾਲਿਬ ਕਲਾਂ, ਗ਼ਾਲਿਬ ਖ਼ੁਰਦ, ਸ਼ੇਰਪੂਰਾ ਖੁਡਾਲ, ਕਰਨੈਲ ਗੇਟ, ਸੂਜਾਪੁਰ, ਗੁਰੂਸਰ, ਕਾਉਂਕੇ, ਸਿਧਵਾਂ ਕਲਾਂ, ਮਲਕ, ਕਲਾਂ, ਲੀਲਾਂ, ਜੰਡੀ, ਮੋਰਕਰੀਮਾਂ, ਤਲਵੰਡੀ ਕਲਾਂ, ਚੌਕੀਮਾਨ, ਦੇਹੜਕਾ, ਕਮਾਲਪੁਰਾ, ਅਗਵਾੜ ਲੋਪੋ ਆਦਿ ਪਿੰਡਾਂ ’ਚੌਂ ਦਰਜਨਾਂ ਟਰਾਲੀਆਂ, ਕਾਰਾਂ, ਬਸਾਂ ਰਾਹੀਂ ਦਿੱਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਝੰਡਿਆਂ ਅਤੇ ਬੈਜਾਂ ਨਾਲ ਲੈਸ ਹੋ ਕੇ ਕੂਚ ਕਰ ਚੁੱਕੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ ਅਤੇ ਇੰਦਰਜੀਤ ਧਾਲੀਵਾਲ ਨੇ ਦਸਿਆ ਕਿ ਦਿੱਲੀ ਗਏ ਕਿਸਾਨਾਂ ਦੇ ਹੌਂਸਲੇ, ਜਜ਼ਬੇ ਪੂਰੀ ਤਰ੍ਹਾਂ ਨਾਲ ਕਾਇਮ ਹਨ। ਠੰਢ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਅਨੁਸਾਸ਼ਨ ਤਹਿਤ ਕਿਸਾਨ ਚੜ੍ਹਦੀ ਕਲਾ ’ਚ ਹਨ। ਇਕੱਲੇ ਦਿੱਲੀ ਹੀ ਨਹੀਂ ਪੂਰੇ ਹਰਿਆਣਾ ਦੇ ਲੋਕਾਂ ਨੇ ਕਿਸਾਨਾਂ ਨੂੰ ਅਪਣੇ ਸਕੇ ਭਰਾਵਾਂ ਵਾਂਗ ਸਾਂਭਿਆ ਹੈ।
ਜਗਤਾਰ ਸਿੰਘ ਦੇਹੜਕਾ ਨੇ ਦਸਿਆ ਕਿ ਕਿਸਾਨਾਂ ਨੇ ਪਿੰਡਾਂ ਦੇ ਸੂਬਿਆਂ ਦੇ ਵਖਰੇਵੇਂ ਦੇ ਬਾਵਜੂਦ ਲੰਗਰ ਸੋਣ ਥਾਵਾਂ ਦੀ ਸਾਂਝ ਬਣਾ ਕੇ ਸਦੀਵੀ ਜਮਾਤੀ ਏਕਤਾ ਦਾ ਪ੍ਰਗਟਾਵਾ ਕੀਤਾ ਹੈ। ਉਹ ਅਪਣੇ ਲੰਮੇ ਅਤੇ ਜਾਨ ਹੂਲਵੇਂ ਸੰਘਰਸ਼ ਰਾਹੀਂ ਹਰ ਹਾਲ ਵਿਚ ਜਿੱਤ ਕੇ ਹੀ ਮੁੜਾਂਗੇ।