ਮਕਾਨ ਮਾਲਕ ਤੋਂ ਤੰਗ ਆ ਕੇ ਇਕ ਹੀ ਪਰਵਾਰ ਦੇ 3 ਮੈਂਬਰਾਂ ਵਲੋਂ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਕਾਨ ਮਾਲਕ ਤੋਂ ਤੰਗ ਆ ਕੇ ਇਕ ਪਰਵਾਰ ਨੇ ਜ਼ਹਿਰ ਨਿਗਲ ਲਿਆ। ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਵਿਚ ਇਹ ਪਰਵਾਰ ਰਹਿੰਦਾ ਸੀ। ਪਰਵਾਰ ਲਗਭੱਗ ਢਾਈ ਸਾਲ...

Suicide Case

ਲੁਧਿਆਣਾ : ਮਕਾਨ ਮਾਲਕ ਤੋਂ ਤੰਗ ਆ ਕੇ ਇਕ ਪਰਵਾਰ ਨੇ ਜ਼ਹਿਰ ਨਿਗਲ ਲਿਆ। ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਵਿਚ ਇਹ ਪਰਵਾਰ ਰਹਿੰਦਾ ਸੀ। ਪਰਵਾਰ ਲਗਭੱਗ ਢਾਈ ਸਾਲ ਤੋਂ ਇਸ ਮਕਾਨ ਵਿਚ ਰਹਿ ਰਿਹਾ ਸੀ। ਜ਼ਹਿਰ ਨਿਗਲਣ ਵਾਲੇ ਪਤੀ-ਪਤਨੀ ਦੀ ਹਸਪਤਾਲ ਵਿਚ ਮੌਤ ਹੋ ਗਈ, ਜਦੋਂ ਕਿ ਯਤੀਮ ਹੋ ਚੁੱਕੇ ਬੇਟੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੌਕੇ ਉਤੇ ਮਿਲੇ ਸੁਸਾਇਡ ਨੋਟ ਦੇ ਆਧਾਰ ਉਤੇ ਮਕਾਨ ਮਾਲਕ, ਉਸ ਦੇ ਬੇਟੇ, ਦੋ ਬੇਟੀਆਂ ਅਤੇ ਜੁਆਈ  ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਸੁਸ਼ੀਲ ਕੁਮਾਰ (70) ਦੀ ਸਭ ਤੋਂ ਛੋਟੀ ਵਿਆਹੀ ਧੀ ਸੰਗੀਤਾ ਨੇ ਦੱਸਿਆ ਕਿ ਉਸ ਦੇ ਪਿਤਾ ਹੌਜ਼ਰੀ ਦਾ ਕੰਮ ਕਰਦੇ ਸਨ। ਸ਼ੁੱਕਰਵਾਰ ਦੇਰ ਸ਼ਾਮ ਪਿਤਾ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਸਥਿਤ ਟਾਂਡਾ ਵਿਚ ਫ਼ੋਨ ਕਰ ਦੱਸਿਆ ਕਿ ਮਕਾਨ ਮਾਲਕ ਉਨ੍ਹਾਂ ਨੂੰ ਮਕਾਨ ਖ਼ਾਲੀ ਕਰਨ ਲਈ ਦਬਾਅ ਪਾ ਰਿਹਾ ਹੈ। ਪ੍ਰੇਸ਼ਾਨ ਹੋ ਕੇ ਉਸ ਦੀ ਮਾਂ ਆਸ਼ਾ (65)  ਅਤੇ ਭਰਾ ਪ੍ਰਵੀਨ (42) ਸਮੇਤ ਪਿਤਾ ਨੇ ਜ਼ਹਿਰ ਨਿਗਲ ਲਿਆ। ਸੰਗੀਤਾ ਨੇ ਤੁਰਤ ਮਾਮਲੇ ਦੀ ਸੂਚਨਾ ਲੁਧਿਆਣਾ ਪੁਲਿਸ ਕੰਟਰੋਲ ਰੂਮ ਵਿਚ ਦਿਤੀ।

ਪੁਲਿਸ ਮੌਕੇ ਉਤੇ ਪਹੁੰਚ ਤਾਂ ਗਈ ਪਰ ਜ਼ਹਿਰ ਖਾਣ ਨਾਲ ਤੜਫ਼ ਰਹੇ ਕਿਸੇ ਵੀ ਪਰਵਾਰਿਕ ਮੈਂਬਰ ਨੂੰ ਹਸਪਤਾਲ ਪਹੁੰਚਾਉਣ ਦੀ ਖੇਚਲ ਨਹੀਂ ਕੀਤੀ। ਜਦੋਂ ਉਹ ਮੌਕੇ ਉਤੇ ਪਹੁੰਚੀ ਤਾਂ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਮਾਂ ਆਸ਼ਾ ਰਾਣੀ ਨੇ ਵੀ ਕੁੱਝ ਸਮਾਂ ਬਾਅਦ ਦਮ ਤੋੜ ਦਿਤਾ। ਮ੍ਰਿਤਕ ਸੁਸ਼ੀਲ ਕੁਮਾਰ ਵਲੋਂ ਲਿਖੇ ਸੁਸਾਇਡ ਨੋਟ ਨੂੰ ਪੁਲਿਸ ਨੇ ਮੌਕੇ ‘ਤੇ ਬਰਾਮਦ ਕਰ ਲਿਆ।

ਇਸ ਵਿਚ ਲਿਖਿਆ ਹੈ ‘ਮੈਂ ਸੁਸ਼ੀਲ ਕੁਮਾਰ ਮਰਨ ਤੋਂ ਪਹਿਲਾਂ ਐਸਐਸਪੀ ਲੁਧਿਆਣਾ ਨੂੰ ਲਿਖ ਰਿਹਾ ਹਾਂ ਕਿ ਸਾਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਮਕਾਨ ਮਾਲਕ ਡਿੰਪਲ ਕਪੂਰ, ਉਸ ਦਾ ਪੁੱਤਰ ਮਵਨੀਸ਼ ਕਪੂਰ, ਕੁੜੀ ਆਈਨਾ ਅਤੇ ਅਲੀਸ਼ਾ ਹਨ। ਡਿੰਪਲ ਕਪੂਰ ਦੀ ਸੱਸ ਵੀ ਉਨ੍ਹਾਂ ਨੂੰ ਆ ਕੇ ਗਾਲ੍ਹਾਂ ਦਿੰਦੀ ਹੈ। ਅਸੀਂ ਅਦਾਲਤ ਤੋਂ ਸਟੇਅ ਆਰਡਰ ਵੀ ਲੈ ਰੱਖਿਆ ਹੈ। ਫਿਰ ਵੀ ਸਾਨੂੰ ਕੁੱਟਿਆ-ਮਾਰਿਆ ਗਿਆ। ਅਸੀਂ ਸੱਤ ਨੰਬਰ ਡਿਵੀਜ਼ਨ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਪਰ ਕਾਰਵਾਈ ਨਹੀਂ ਹੋਈ।

ਸਾਡੇ ਮਰਨ ਤੋਂ ਬਾਅਦ ਘਰ ਦਾ ਸਾਰਾ ਸਾਮਾਨ ਸਾਡੀ ਧੀ ਨੂੰ ਦੇ ਦਿਤਾ ਜਾਵੇ ਅਤੇ ਸਾਡੀਆਂ ਚਿਤਾਵਾਂ ਨੂੰ ਅਗਨੀ ਸਾਡੀ ਧੀ ਦੇਵੇ। ਇਸ ਮਾਮਲੇ ਵਿਚ ਡਿੰਪਲ ਦਾ ਜੀਜਾ ਪਵਨ ਕੁਮਾਰ ਵੀ ਜ਼ਿੰਮੇਵਾਰ ਹੈ। ਪੁਲਿਸ ਨੇ ਮ੍ਰਿਤਕ ਪਤੀ-ਪਤਨੀ ਦੀ ਧੀ ਦੇ ਬਿਆਨ ਅਤੇ ਮੌਕੇ ਉਤੇ ਮਿਲੇ ਸੁਸਾਇਡ ਨੋਟ ਦੇ ਆਧਾਰ ਉਤੇ ਮਕਾਨ ਮਾਲਕ ਸਮੇਤ 6  ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।