ਕਰਜ਼ੇ ਤੋਂ ਤੰਗ ਆਏ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਜ਼ਿਲ੍ਹੇ ਦੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਮਾਲ ਗੱਡੀ ਦੇ ਥੱਲੇ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ...
ਮਾਨਸਾ : ਜ਼ਿਲ੍ਹੇ ਦੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਆ ਕੇ ਮਾਲ ਗੱਡੀ ਦੇ ਥੱਲੇ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਵਾਰ ਮੈਂਬਰਾਂ ਨੂੰ ਸੌਂਪ ਦਿਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਜ਼ਿਲ੍ਹੇ ਦੇ ਪਿੰਡ ਮਾਨਬੀਬਡੀਆ ਦੇ ਕਿਸਾਨ ਅਵਤਾਰ ਸਿੰਘ (60) ਦੇ ਕੋਲ ਖੇਤੀ ਯੋਗ ਜ਼ਮੀਨ ਸਿਰਫ਼ 2 ਕਨਾਲ ਸੀ ਅਤੇ ਉਹ ਲੱਖਾਂ ਰੁਪਏ ਦੇ ਕਰਜ਼ ਹੇਠਾਂ ਦੱਬਿਆ ਹੋਇਆ ਸੀ।
ਮ੍ਰਿਤਕ ਕਿਸਾਨ ਦੇ ਭਰਾ ਜਗਰਾਜ ਸਿੰਘ ਨੇ ਦੱਸਿਆ ਕਿ ਕਿਸਾਨ ਮਜ਼ਦੂਰੀ ਕਰ ਕੇ ਪਰਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਕਿਸਾਨ ਨੇ ਅਪਣੀ ਲੜਕੀ ਦਾ ਵਿਆਹ ਕਰਵਾਇਆ ਸੀ ਅਤੇ 5 ਲੱਖ ਰੁਪਏ ਦਾ ਕਰਜ਼ਦਾਰ ਸੀ। ਉਸ ਨੇ ਦੱਸਿਆ ਕਿ ਅਵਤਾਰ ਸਿੰਘ ਕਰਜ਼ੇ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਆਖ਼ੀਰ ਉਸ ਨੇ ਇਹ ਕਰਜ਼ੇ ਦਾ ਭਾਰ ਨਾ ਸਹਿੰਦੇ ਹੋਏ ਮਾਲ ਗੱਡੀ ਦੇ ਹੇਠਾਂ ਆ ਕੇ ਅਪਣੀ ਜਾਨ ਦੇ ਦਿਤੀ।
ਭਾਰਤੀ ਕਿਸਾਨ ਯੂਨੀਅਨ ਇਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਪੂਰਾ ਕਰਜ਼ ਮਾਫ਼ ਕੀਤਾ ਜਾਵੇ, ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ ਅਤੇ ਮ੍ਰਿਤਕ ਦੇ ਪਰਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਿਤੀ ਜਾਵੇ।