ਹੁਣ ‘ਆਪ’ ਦੇ ਹੋਣਗੇ ਟਕਸਾਲੀ ਅਕਾਲੀ, ਸਾਡੀਆਂ ਕੋਸ਼ਿਸ਼ਾਂ ਨੂੰ ਨਹੀਂ ਪਿਆ ਫ਼ਲ : ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਪੰਜਾਬ ’ਚ ਸਿਆਸੀ ਪਾਰਟੀਆਂ ਦੇ ਵਿਚ ਤੋੜ-ਜੋੜ ਅਜੇ ਵੀ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ...

Sewa Singh Sekhwan on Spokesman tv

ਚੰਡੀਗੜ੍ਹ : 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਪੰਜਾਬ ’ਚ ਸਿਆਸੀ ਪਾਰਟੀਆਂ ਦੇ ਵਿਚ ਤੋੜ-ਜੋੜ ਅਜੇ ਵੀ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਸਪੋਕਸਮੈਨ ਟੀਵੀ ’ਤੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪਿਛਲੀ ਰਣਨੀਤੀ ਮੁਤਾਬਕ ਪੰਜਾਬ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵਿਰੁਧ ਇਕ ਹੀ ਉਮੀਦਵਾਰ ਖੜ੍ਹਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।

ਜਿਸ ਸਬੰਧੀ 4 ਤੋਂ 5 ਵਾਰ ਪੰਜਾਬ ਡੈਮੋਕ੍ਰੇਟਿਕ ਐਲਾਇੰਸ ਨਾਲ ਮੀਟਿੰਗ ਵੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਗਈ ਕਿਉਂਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਤੇ ਅਕਾਲੀਆਂ ਦੇ ਰਾਜ ਤੋਂ ਤੰਗ ਆ ਚੁੱਕੇ ਹਨ ਅਤੇ ਪੰਜਾਬ ਵਿਚ ਤੀਜਾ ਬਦਲ ਚਾਹੁੰਦੇ ਹਨ। ਇਸ ਲਈ ਹੋਰ ਸਾਰੀਆਂ ਪਾਰਟੀਆਂ ਨੂੰ ਆਪਸ ਵਿਚ ਮਿਲ ਕੇ ਪੰਜਾਬ ਨੂੰ ਤੀਜਾ ਬਦਲ ਦੇਣਾ ਚਾਹੀਦਾ ਹੈ ਪਰ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਕਿਉਂਕਿ ਕੁਝ ਪਾਰਟੀਆਂ ਦੇ ਵਿਚ ਅਜਿਹੇ ਲੋਕ ਵੀ ਸਨ ਜੋ ਅਪਣੀਆਂ ਛੋਟੀਆਂ-ਛੋਟੀਆਂ ਜਿੱਦਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ।

ਜਿਸ ਕਰਕੇ ਇਹ ਗਠਜੋੜ ਸਿਰੇ ਨਹੀਂ ਚੜ ਸਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ 99 ਪ੍ਰਤੀਸ਼ਤ ਉਮੀਦ ਜਤਾਈ ਹੈ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਜੋੜ ਜ਼ਰੂਰ ਸਿਰੇ ਚੜ੍ਹੇਗਾ। ਉਨ੍ਹਾਂ ਦੱਸਿਆ ਜਦੋਂ ਪੰਜਾਬ ਡੈਮੋਕ੍ਰੇਟਿਕ ਐਲਾਇੰਸ ਨਾਲ ਮੀਟਿੰਗ ਹੋਈ ਉਸ ਸਮੇਂ ਉਨ੍ਹਾਂ ਵਲੋਂ ਇਕ ਫਾਰਮੂਲਾ ਦਿਤਾ ਗਿਆ। ਜਿਸ ਵਿਚ ਉਨ੍ਹਾਂ ਦੱਸਿਆ ਕਿ 13 ਸੀਟਾਂ ਲਈ 5 ਧਿਰਾਂ ਦੇ 2-2 ਉਮੀਦਵਾਰਾਂ ਅਪਣੀ ਮਨ-ਮਰਜ਼ੀ ਨਾਲ ਸੀਟ ਦੀ ਚੋਣ ਕਰ ਸਕਦੇ ਹਨ ਅਤੇ ਬਾਕੀ ਬਚਦੀਆਂ ਸੀਟਾਂ ਲਈ ਜਿਹੜੀ ਵੀ ਸਿਆਸੀ ਪਾਰਟੀ ਕੋਲ ਚੰਗਾ ਉਮੀਦਵਾਰ ਹੈ ਉਸ ਨੂੰ ਦਿਤੀ ਜਾਵੇਗੀ।

ਇਹ ਫਾਰਮੂਲਾ ਲਗਭੱਗ ਤੈਅ ਹੋਣ ਤੋਂ ਬਾਅਦ ਖਹਿਰਾ ਦੀ ਪਾਰਟੀ ਨੂੰ ਬਠਿੰਡਾ ਅਤੇ ਫਰੀਦਕੋਟ ਦੀ ਸੀਟ ਦਿਤੀ ਗਈ, ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀ ਸੀਟ ਦਿਤੀ ਗਈ। ਬਹੁਜਨ ਸਮਾਜ ਪਾਰਟੀ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੀ ਸੀਟ ਦਿਤੀ ਗਈ। ਗਾਂਧੀ ਜੀ ਨੂੰ ਪਟਿਆਲਾ ਦੀ ਸੀਟ ਦਿਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਦੀ ਸੀਟ ਦੇਣ ਦੀ ਗੱਲ ਉਤੇ ਬਹੁਜਨ ਸਮਾਜ ਪਾਰਟੀ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਆਨੰਦਪੁਰ ਸਾਹਿਬ ਸੀਟ ਦੀ ਮੰਗ ਕੀਤੀ ਗਈ। ਜਿਸ ਕਰਕੇ ਉਨ੍ਹਾਂ ਨਾਲ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ।

ਉਨ੍ਹਾਂ ਦੱਸਿਆ ਆਨੰਦਪੁਰ ਸਾਹਿਬ ਦੀ ਸੀਟ ਉਨ੍ਹਾਂ ਵਲੋਂ ਕਿਸੇ ਵੀ ਹਾਲ ਵਿਚ ਨਹੀਂ ਛੱਡੀ ਜਾਵੇਗੀ ਅਤੇ ਜੇਕਰ ਗਠਜੋੜ ਹੁੰਦਾ ਵੀ ਸੀ ਤਾਂ ਵੀ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਉਸ ਸੀਟ ਤੋਂ ਖੜਾ ਨਹੀਂ ਹੋਣ ਦਿਤਾ ਜਾਵੇਗਾ। ਜਿਸ ਕਰਕੇ ਗਠਜੋੜ ਦੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹ ਸਕੀਆਂ। ਉਨ੍ਹਾਂ ਦੱਸਿਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦਾ ਗਠਜੋੜ ਹੁਣ ਸਿਰੇ ਚੜ੍ਹ ਜਾਵੇਗਾ।

ਉਨ੍ਹਾਂ ਦੱਸਿਆ ਕਿ ਅੱਜ ਭਗਵੰਤ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੀਟਿੰਗ ਹੋ ਸਕਦੀ ਹੈ ਅਤੇ ਦੋਵਾਂ ਪਾਰਟੀਆਂ ਵਲੋਂ 2 ਤੋਂ 3 ਦਿਨ ਦੇ ਵਿਚ ਹੀ 13 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕਰਕੇ ਐਲਾਨ ਕਰ ਦਿਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਸ ਵਾਰ ਉਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਨਾਲ ਸੀਟਾਂ ਨੂੰ ਲੈ ਕੇ ਤਾਲਮੇਲ ਜ਼ਰੂਰ ਸਹੀ ਬੈਠੇਗਾ। ਉਨ੍ਹਾਂ ਕਿਹਾ ਕਿ ਸਾਡੀ ਫ਼ਿਲਹਾਲ ਕੋਸ਼ਿਸ਼ ਇਹੀ ਹੈ ਕਿ ਜਿੰਨੀਆਂ ਵੀ ਛੋਟੀਆਂ ਸਿਆਸੀ ਪਾਰਟੀਆਂ ਹਨ ਉਨ੍ਹਾਂ ਨੂੰ ਇਕੱਠਾ ਕੀਤਾ ਜਾਵੇ ਅਤੇ ਰਵਾਇਤੀ ਪਾਰਟੀਆਂ ਦੇ ਵਿਰੁਧ ਇਕ ਹੋ ਕੇ ਲੜਿਆ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਰਵਾਇਤੀ ਪਾਰਟੀਆਂ ਦੇ ਸਾਹਮਣੇ ਸਿਰਫ਼ ਇਕ ਹੀ ਉਮੀਦਵਾਰ ਖੜਾ ਕੀਤਾ ਜਾਵੇ। ਸੁਖਪਾਲ ਖਹਿਰਾ ਦੇ ਸਾਹਮਣੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਖੜ੍ਹਾ ਕਰਨ ਦੇ ਸਵਾਲ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਪਾਸੇ ਵੀ ਉਨ੍ਹਾਂ ਵਲੋਂ ਧਿਆਨ ਦਿਤਾ ਜਾ ਰਿਹਾ ਹੈ ਅਤੇ ਇਹੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਕ ਹੀ ਉਮੀਦਵਾਰ ਰਵਾਇਤੀ ਧਿਰਾਂ ਦੇ ਸਾਹਮਣੇ ਮੈਦਾਨ ਵਿਚ ਉਤਾਰਿਆ ਜਾਵੇ।

ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਤੋਂ ਚੋਣ ਨਾ ਲੜਨ ਦੇ ਸਵਾਲ ਤੇ ਸ਼ੇਖਵਾਂ ਨੇ ਦੱਸਿਆ ਕਿ ਬਾਦਲਾਂ ਵਲੋਂ ਕਿਹਾ ਗਿਆ ਸੀ ਕਿ ਉਹ ਫਿਰੋਜ਼ਪੁਰ ਸੀਟ ਤੋਂ ਚੋਣ ਲੜਨਗੇ ਪਰ ਉਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ ਕਿਉਂਕਿ ਬਾਦਲਾਂ ਨੇ ਅਪਣੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਦਾ ਅੱਧਾ ਬਜਟ ਬਠਿੰਡਾ ਦੇ ਵਿਕਾਸ ਉਤੇ ਲਗਾ ਦਿਤਾ। ਇਸ ਲਈ ਬਾਦਲਾਂ ਦਾ ਬਠਿੰਡਾ ਛੱਡ ਕੇ ਕਿਤੋਂ ਹੋਰ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।