ਤਰਨ ਤਾਰਨ ਵਿਚ ਫਿਰ ਢਾਹਿਆ ਜ਼ਹਿਰੀਲੀ ਸ਼ਰਾਬ ਨੇ ਕਹਿਰ, ਦੋ ਘਰਾਂ ਦੇ ਬੁੱਝੇ ਚਿਰਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਮੱਦਦ ਦੀ ਮੰਗ

poisonous alcohol

ਤਰਨ ਤਾਰਨ: ਸ਼ਰਾਬ ਮਾਫੀਆ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਧੰਦੇ ਕਾਰਨ ਜਿੱਥੇ ਸਰਕਾਰ ਨੂੰ ਆਰਥਿਕ ਨੁਕਸਾਨ ਛੱਲਣਾ ਪੈ ਰਿਹਾ ਹੈ, ਉਥੇ ਹੀ ਇਸ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ। ਪਿਛਲੇ ਸਾਲ ਮਾਝਾ ਇਲਾਕੇ ਅੰਦਰ ਵਾਪਰੇ ਜ਼ਹਿਰੀਲੀ ਸ਼ਰਾਬ ਕਾਡ ਦਾ ਦਰਦ ਅਜੇ ਲੋਕ ਪੂਰੀ ਤਰ੍ਹਾਂ ਭੁੱਲੇ ਨਹੀਂ ਸਨ ਕਿ ਹੁਣ ਇਕ ਵਾਰ ਫਿਰ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਤਾਜ਼ਾ ਮਾਮਲਾ ਵੀ ਮਾਝਾ ਖੇਤਰ ਦੇ ਤਰਨ ਤਾਰਨ ਇਲਾਕੇ ਵਿਚੋਂ ਸਾਹਮਣੇ ਆਇਆ ਹੈ, ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਨੌਜਵਾਨ ਜਾਨ ਤੋਂ ਹੱਥ ਧੋ ਬੈਠੇ ਹਨ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਫਤਹਿਚੱਕ ਵਿਚ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।

ਇਸ ਮੌਕੇ ਪੀੜਤ ਪਰਿਵਾਰਾਂ ਵਿਚ ਜਿੱਥੇ ਗ਼ਮੀ ਦਾ ਮਾਹੌਲ ਹੈ, ਉੱਥੇ ਹੀ ਸਰਕਾਰ ਤੋਂ ਮਦਦ ਦੀ ਵੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰ ਵਲੋਂ ਜੋ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕੀਤਾ ਜਾਵੇ ਅਤੇ ਨਾਲ ਹੀ 5 ਲੱਖ ਤਕ ਦੇ ਮੁਆਵਜ਼ੇ ਵੀ ਦਿੱਤੇ ਜਾਣ। ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਇਸੇ ਦੌਰਾਨ ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਵੀ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਚਰਚਾ ਹੋਈ, ਜਿਸ ਪੀੜਤ ਪਰਿਵਾਰਾਂ  ਨੇ ਸਵਾਗਤ ਕੀਤਾ ਹੈ। ਕਾਬਲੇਗੌਰ ਹੈ ਕਿ ਪਿਛਲੇ ਸਾਲ 2020 ਦੌਰਾਨ ਮਾਝਾ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੈਂਕੜੇ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਵੱਡੀ ਗਿਣਤੀ ਲੋਕ ਬਿਮਾਰ ਹੋ ਗਏ ਸਨ। ਉਸ ਵਕਤ ਇਸ ਮਾਮਲੇ ਦੀ ਗੂੰਜ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤਕ ਗਈ ਸੀ।

ਉਸ ਵਕਤ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ ਅਤੇ ਗ੍ਰਿਫਤਾਰੀਆਂ ਵੀ ਹੋਈਆਂ ਸਨ। ਜ਼ਹਿਰੀਲੀ ਸ਼ਰਾਬ ਦਾ ਅਸਰ ਤਰਨ ਤਾਰਨ ਤੋਂ ਇਲਾਵਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਵੇਖਣ ਨੂੰ ਮਿਲਿਆ ਸੀ। ਇਸ ਦਾ ਕੇਂਦਰ ਬਿੰਦੂ ਤਰਨ ਤਾਰਨ ਸੀ, ਜਿੱਥੇ ਸਭ ਤੋਂ ਵਧੇਰੇ ਮੌਤਾਂ ਹੋਈਆਂ ਸਨ। ਹੁਣ ਨਵਾਂ ਮਾਮਲਾ ਸਾਹਮਣੇ ਆਉਣ ਬਾਅਦ ਲੋਕਾਂ ਫਿਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।