ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਤਿਆਰ
2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਪੰਜਾਬ ਵਿਚ ਉਮੀਦਵਾਰਾਂ....
ਚੰਡੀਗੜ੍ਹ: 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਪੰਜਾਬ ਵਿਚ ਉਮੀਦਵਾਰਾਂ ਦੀ ਪਹਿਲੀ ਲਿਸਟ ਅੱਜ ਜਾਰੀ ਕੀਤੀ ਜਾ ਸਕਦੀ ਹੈ। ਪੰਜਾਬ ਚੋਣ ਕਮੇਟੀ ਨੇ 13 ਵਿਚੋਂ ਅੱਠ ਉਮੀਦਵਾਰ ਤੈਅ ਕਰ ਲਏ ਹਨ। ਇਨ੍ਹਾਂ 'ਤੇ ਕੇਂਦਰੀ ਚੋਣ ਕਮੇਟੀ ਦੀ ਮੋਹਰ ਲੱਗਣ ਦੀ ਦੇਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਅੱਜ ਦਿੱਲੀ ਵਿਚ ਹੋ ਰਹੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਇਸ ਨੂੰ ਹਰੀ ਝੰਡੀ ਮਿਲ ਸਕਦੀ ਹੈ।
ਸੂਤਰਾਂ ਮੁਤਾਬਕ ਅੱਜ ਹੋ ਰਹੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਣਗੇ। ਪੰਜਾਬ ਚੋਣ ਕਮੇਟੀ ਨੇ ਅੱਠ-ਨੌਂ ਉਮੀਦਵਾਰਾਂ ਦੇ ਨਾਵਾਂ 'ਤੇ ਰਾਏ ਬਣਾ ਲਈ ਹੈ। ਇਹ ਨਾਂਅ ਕੇਂਦਰੀ ਚੋਣ ਕਮੇਟੀ ਕੋਲ ਪੇਸ਼ ਕੀਤੇ ਜਾਣਗੇ। ਜੇਕਰ ਸਹਿਮਤੀ ਮਿਲ ਗਈ ਤਾਂ ਇਨ੍ਹਾਂ ਨੂੰ ਅੱਜ ਜਾਂ ਕੱਲ੍ਹ ਐਲਾਨ ਦਿਤਾ ਜਾਵੇਗਾ।
ਸੂਤਰਾਂ ਮੁਤਾਬਕ ਪੰਜਾਬ ਚੋਣ ਕਮੇਟੀ ਨੇ ਪਟਿਆਲਾ ਤੋਂ ਪਰਨੀਤ ਕੌਰ, ਅਨੰਦਪੁਰ ਤੋਂ ਮਨੀਸ਼ ਤਿਵਾੜੀ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਸੰਗਰੂਰ ਤੋਂ ਕੇਵਲ ਢਿੱਲੋਂ ਤੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਦੇ ਨਾਂ ਫਾਈਨਲ ਕੀਤੇ ਹਨ।