ਲੋਕ ਸਭਾ ਚੋਣਾਂ : ਕਾਂਗਰਸੀ ਉਮੀਦਵਾਰਾਂ ਦੀ ਲਿਸਟ ਅਗਲੇ ਮੰਗਲਵਾਰ ਨੂੰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਚੋਣ ਕਮੇਟੀ ਬੈਠਕ ਦਿੱਲੀ 'ਚ ਅੱਜ ਹੋਵੇਗੀ ; ਮੌਜੂਦਾ ਤਿੰਨ ਸੀਟਾਂ 'ਤੇ ਉਹੀ ਉਮੀਦਵਾਰ ਲਗਭਗ ਤੈਅ

Congress

ਚੰਡੀਗੜ੍ਹ : ਪੰਜਾਬ ਤੇ ਇਸ ਦੀ ਰਾਜਧਾਨੀ ਚੰਡੀਗੜ੍ਹ ਵਾਸਤੇ ਕੁਲ 14 ਲੋਕ ਸਭਾ ਸੀਟਾਂ ਵਾਸਤੇ ਚੋਣਾਂ ਆਖ਼ਰੀ ਗੇੜ ਯਾਨੀ 19 ਮਈ ਨੂੰ ਹੋਣ ਕਰ ਕੇ ਉਮੀਦਵਾਰਾਂ ਦੀ ਪੱਕੀ ਲਿਸਟ ਤਿਆਰ ਕਰਨ ਲਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਮੀਟਿੰਗ 2 ਅਪ੍ਰੈਲ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਰੱਖ ਲਈ ਹੈ। ਇਸ ਤੋਂ ਪਹਿਲਾਂ ਸੂਬੇ ਦੀ ਚੋਣ ਕਮੇਟੀ ਦੀ ਬੈਠਕ ਭਲਕੇ ਹੋ ਰਹੀ ਹੈ ਜਿਸ ਵਿਚ ਪ੍ਰਤੀ ਸੀਟ 2 ਜਾਂ 3 ਸੰਭਾਵੀ ਉਮੀਦਵਾਰਾਂ ਦੇ ਨਾਮ ਨੂੰ ਅੰਤਮ ਛੋਹਾਂ ਦੇਣੀਆਂ ਹਨ।

ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸੱਤਾਧਾਰੀ ਕਾਂਗਰਸ ਪੰਜਾਬ ਵਿਚ ਕੁਲ 13 ਸੀਟਾਂ 'ਤੇ ਜਿੱਤਣ ਵਾਲੇ ਮਜ਼ਬੂਤ ਉਮੀਦਵਾਰ ਹੀ ਮੈਦਾਨ ਵਿਚ ਉਤਾਰ ਰਹੀ ਹੈ ਤਾਕਿ ਲੋਕ ਸਭਾ ਵਿਚ ਮੌਜੂਦਾ 45 ਮੈਂਬਰਾਂ ਦੀ ਗਿਣਤੀ ਵਧਾ ਕੇ ਮੁਲਕ ਵਿਚ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰ ਕੇ ਆਵੇ। ਸੂਤਰਾਂ ਨੇ ਦਸਿਆ ਕਿ ਗੁਰਦਾਸਪੁਰ ਤੋਂ ਐਮ.ਪੀ. ਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ, ਜਲੰਧਰ ਰਿਜ਼ਰਵ ਤੋਂ ਮੌਜੂਦਾ ਮੈਂਬਰ ਸੰਤੋਖ ਚੌਧਰੀ, ਲੁਧਿਆਣਾ ਤੋਂ 2014 ਦੇ ਜੇਤੂ ਰਵਨੀਤ ਬਿੱਟੂ ਅਤੇ ਪਟਿਆਲਾ ਤੋਂ ਸ੍ਰੀਮਤੀ ਪ੍ਰਨੀਤ ਕੌਰ ਦੇ ਨਾਵਾਂ 'ਤੇ ਲਗਭਗ ਪੱਕੀ ਮੋਹਰ ਲੱਗ ਚੁਕੀ ਹੈ ਅਤੇ ਸਿਰਫ਼ ਐਲਾਨ ਕਰਨਾ ਬਾਕੀ ਹੈ।

ਅੰਮ੍ਰਿਤਸਰ ਤੋਂ ਮੌਜੂਦਾ ਕਾਂਗਰਸ ਮੈਂਬਰ ਗੁਰਜੀਤ ਔਜਲਾ ਦੀ ਥਾਂ ਨਵਾਂ ਉਮੀਦਵਾਰ ਆ ਸਕਦਾ ਹੈ ਜਿਸ ਵਿਚ ਫ਼ਿਲਮੀ ਅਦਾਕਾਰ ਪੂਨਮ ਢਿੱਲੋਂ, ਸੰਨੀ ਦਿਉਲ ਜਾਂ ਕਿਸੇ ਹੋਰ 'ਤੇ ਗੁਣਾ ਪੈ ਸਕਦਾ ਹੈ। ਹੁਸ਼ਿਆਰਪੁਰ ਰਿਜ਼ਰਵ ਸੀਟ 'ਤੇ ਡਾ. ਰਾਜ ਕੁਮਾਰ ਚੱਬੇਵਾਲ ਜੋ ਵਿਧਾਇਕ ਵੀ ਹਨ, ਇਸ ਵੇਲੇ ਉਮੀਦਵਾਰੀ ਦੀ ਦੌੜ ਵਿਚ ਸੱਭ ਤੋਂ ਮੋਹਰੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਠਿੰਡਾ ਤੋਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਫ਼ਿਰੋਜ਼ਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਪ੍ਰਧਾਨ ਤੇ ਪਾਰਟੀ ਦੇ ਮੌਜੂਦਾ ਵਿਧਾਇਕ ਸੁਖਬੀਰ ਬਾਦਲ ਦੇ ਚੋਣ ਮੈਦਾਨ ਵਿਚ ਆਉਣ ਦੇ ਇਸ਼ਾਰੇ ਨਾਲ ਕਾਂਗਰਸ ਨੂੰ ਚਿੰਤਾ ਲੱਗ ਗਈ ਹੈ ਕਿ ਇਨ੍ਹਾਂ ਸੀਟਾਂ 'ਤੇ ਕਿਹੜੇ ਮਜ਼ਬੂਤ ਨੇਤਾ ਉਤਾਰੇ ਜਾਣ।

ਅੰਦਰੋਂ ਅੰਦਰੀ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਖੜਾ ਕਰਨ ਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਵਿੱਤ ਮੰਤਰੀ ਨੂੰ ਉਸ ਦੀ ਭਰਜਾਈ ਹਰਸਿਮਰਤ ਵਿਰੁਧ ਡਾਹੁਣਾ ਚਾਹੁੰਦੀ ਹੈ। ਕਾਂਗਰਸ ਤਾਕਿ ਕਾਂਗਰਸ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਝਾਕ ਲਾਈ ਬੈਠੇ ਮਨਪ੍ਰੀਤ, ਕੇਂਦਰ ਵਿਚ ਪਹੁੰਚ ਜਾਣ। ਦਿੱਲੀ ਹਾਈ ਕਮਾਂਡ ਵਿਚ ਇਹ ਵੀ ਵਿਚਾਰ ਚਲ ਰਿਹਾ ਹੈ ਕਿ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਦੀ ਥਾਂ ਅਨੰਦਪੁਰ ਸਾਹਿਬ ਦੀ ਸੀਟ 'ਤੇ ਅਤੇ ਪਵਨ ਬਾਂਸਲ ਨੂੰ ਸੰਗਰੂਰ ਤੋਂ ਲੜਾਇਆ ਜਾਵੇ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਘਰਵਾਲੀ ਡਾ. ਨਵਜੋਤ ਕੌਰ ਨੂੰ ਯੂ.ਟੀ. ਚੰਡੀਗੜ੍ਹ ਦੀ ਸੀਟ ਤੋਂ ਮੈਦਾਨ ਵਿਚ ਉਤਾਰਿਆ ਜਾਵੇ।

ਫ਼ਿਲਹਾਲ ਰਿਜ਼ਰਵ ਸੀਟ ਫ਼ਰੀਦਕੋਟ ਲਈ ਕਾਂਗਰਸ ਕੋਲ ਮਜ਼ਬੂਤ ਨੇਤਾ ਨਹੀਂ ਹੈ ਅਤੇ ਮੁਹੰਮਦ ਸਦੀਕ 'ਤੇ ਹੀ ਓਟ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਫ਼ਰੀਦਕੋਟ ਵਾਸਤੇ ਕਿਸੇ ਵਾਲਮੀਕੀ ਸਮਾਜ ਦਾ ਉਮੀਦਵਾਰ ਹੀ ਪਾਰਟੀ ਨੂੰ ਜਿੱਤ ਦਵਾ ਸਕਦਾ ਹੈ। ਭਲਕੇ ਸੂਬਾ ਚੋਣ ਕਮੇਟੀ ਦੀ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਨਵੀਂ ਦਿੱਲੀ ਵਿਚ ਤੈਅ ਕਰ ਕੇ ਫਿਰ 2 ਅਪ੍ਰੈਲ ਦੀ ਬੈਠਕ ਵਿਚ ਪੰਜਾਬ-ਚੰਡੀਗੜ੍ਹ ਦੀ ਉਮੀਦਵਾਰੀ ਲਿਸਟ ਬਾਰੇ ਅੰਤਮ ਛੋਹਾਂ ਦੇਣਗੇ। ਬਾਕੀ ਰਹਿੰਦੀਆਂ ਦੋ ਸੀਟਾਂ ਖਡੂਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਲਈ ਉਮੀਦਵਾਰਾਂ ਦਾ ਫ਼ੈਸਲਾ ਵੀ ਯੋਗ ਤੇ ਮਜ਼ਬੂਤ ਕਾਂਗਰਸੀ ਨੇਤਾਵਾਂ ਦੇ ਮਿਲਣ 'ਤੇ ਹੀ ਹੋਵੇਗਾ ਜਿਨ੍ਹਾਂ ਦੀ ਪਹੁੰਚ ਹਾਈ ਕਮਾਂਡ ਦੁਆਰਾ ਤੈਅ ਸ਼ਰਤਾਂ ਮੁਤਾਬਕ ਹੀ ਹੋਵੇਗੀ।