ਦਮਦਮਾ ਸਾਹਿਬ ਦੀ ਵਿਸਾਖੀ 'ਤੇ ਇਸ ਵਾਰ ਨਹੀਂ ਸੁਣਾਈ ਦੇਣਗੀਆਂ ਸਿਆਸੀ ਤਕਰੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਜਾਬਤੇ ਕਾਰਨ ਵਿਸਾਖੀ ਮੌਕੇ ਸਿਆਸੀ ਕਾਨਫ਼ਰੰਸਾਂ ਤੋਂ ਟਾਲਾ ਵੱਟਣ ਲੱਗੀਆਂ ਪਾਰਟੀਆਂ 

Takht Sri Damdama Sahib

ਬਠਿੰਡਾ : ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਇਸ ਵਾਰ ਸਿਆਸੀ ਪਹਿਲਵਾਨਾਂ ਦੇ ਦਮਗਜੇ ਸੁਣਨ ਨੂੰ ਘੱਟ ਹੀ ਮਿਲਣਗੇ। ਚੋਣਾਂ 'ਚ ਉਲਝੀਆਂ ਸਿਆਸੀ ਪਾਰਟੀਆਂ ਵਿਸਾਖੀ ਮੌਕੇ ਸਿਆਸੀ ਕਾਨਫ਼ਰੰਸਾਂ ਕਰਨ ਤੋਂ ਟਾਲਾ ਵੱਟਣ ਲੱਗੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਵਿਸਾਖੀ ਮੌਕੇ ਸਿਆਸੀ ਧਿਰਾਂ ਨੇ ਕਾਨਫ਼ਰੰਸਾਂ ਨਹੀਂ ਕੀਤੀਆਂ ਸਨ। ਹੁਣ ਵੀ ਚੋਣ ਜਾਬਤਾ ਲੱਗਿਆ ਹੋਣ ਕਾਰਨ ਗੁਰਦਵਾਰਾ ਸਾਹਿਬ ਦੀ ਹਦੂਦ 'ਚ ਸਿਆਸੀ ਕਾਨਫ਼ਰੰਸਾਂ ਕਰਨ 'ਤੇ ਰੋਕ ਲੱਗੀ ਹੋਈ ਹੈ। 

ਡਿਪਟੀ ਕਮਿਸ਼ਨਰ ਪ੍ਰਨੀਤ ਨੇ ਵੀ ਬੀਤੇ ਦਿਨੀਂ ਜਾਰੀ ਇਕ ਬਿਆਨ ਵਿਚ ਦਾਅਵਾ ਕੀਤਾ ਸੀ ਕਿ ''ਚੋਣ ਜਾਬਤੇ ਕਾਰਨ ਧਾਰਮਿਕ ਸਥਾਨਾਂ 'ਤੇ ਸਿਆਸੀ ਕਾਨਫਰੰਸ ਨਹੀਂ ਹੋਵੇਗੀ।'' ਚੋਣ ਅਧਿਕਾਰੀਆਂ ਮੁਤਾਬਕ ਜੇਕਰ ਕੋਈ ਸਿਆਸੀ ਪਾਰਟੀ ਕਾਨਫ਼ਰੰਸ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਬਕਾਇਦਾ ਚੋਣ ਕਮਿਸ਼ਨ ਤੋਂ ਮੰਨਜੂਰੀ ਲੈਣੀ ਪਏਗੀ। ਇਸਦੇ ਨਾਲ ਹੀ ਇਨ੍ਹਾਂ ਕਾਨਫ਼ਰੰਸਾਂ ਦਾ ਖ਼ਰਚਾ ਵੀ ਪਾਰਟੀਆਂ ਦੇ ਖਾਤੇ ਵਿਚ ਪਏਗਾ। ਜਦੋਂ ਕਿ ਜਿਸ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿਤਾ ਤਾਂ ਇਹ ਖ਼ਰਚਾ ਸਬੰਧਤ ਉਮੀਦਵਾਰ ਦੇ ਚੋਣ ਖ਼ਰਚ ਵਿਚ ਜੋੜਿਆ ਜਾਵੇਗਾ। ਜਿਸਦੇ ਚੱਲਦੇ ਸਿਆਸੀ ਆਗੂ ਇਸਤੋਂ ਬਚਦੇ ਨਜ਼ਰ ਆ ਰਹੇ ਹਨ। 

ਸੂਬੇ ਦੀ ਮੁੱਖ ਵਿਰੌਧੀ ਧਿਰ ਆਮ ਆਦਮੀ ਪਾਰਟੀ ਵਲੋਂ ਤਾਂ ਪਿਛਲੀ ਵਾਰ ਵੀ ਇਥੇ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਗਈ ਸੀ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਕਾਨਫ਼ਰੰਸਾਂ 'ਚ ਵੱਡੇ ਲੀਡਰਾਂ ਦੀ ਗ਼ੈਰ-ਹਾਜ਼ਰੀ ਰੜਕਦੀ ਰਹੀ ਸੀ। ਆਪ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਦਸਿਆ ਕਿ ਪਾਰਟੀ ਇਸ ਵਾਰ ਵੀ ਵਿਸਾਖੀ ਮੌਕੇ ਸਿਆਸੀ ਕਾਨਫਰੰਸ ਨਹੀਂ ਕਰ ਰਹੀ ਹੈ। ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਨੇ ਵੀ ਸਿਆਸੀ ਕਾਨਫਰੰਸ ਲਈ ਹਾਲੇ ਤੱਕ ਕੋਈ ਵਿਉਂਤਬੰਦੀ ਨਹੀਂ ਕੀਤੀ ਹੈ। ਪਾਰਟੀ ਦੇ ਉਚ ਆਗੂਆਂ ਦਾ ਦਾਅਵਾ ਹੈ ਕਿ ਧਾਰਮਿਕ ਮੇਲਿਆਂ ਮੌਕੇ ਸਿਆਸੀ ਕਾਨਫਰੰਸਾਂ ਕਰਨ ਦੀ ਨੀਤੀ ਤਹਿਤ ਕਾਨਫਰੰਸ ਤੋਂ ਟਾਲਾ ਵੱਟਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪਹਿਲਾਂ ਮੌਕਾ ਹੋਵੇਗਾ ਜਦ ਲਗਾਤਾਰ ਤੀਜੀ ਵਾਰ ਇਲਾਕੇ ਦੇ ਲੋਕਾਂ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਵਿਸਾਖੀ ਵਰਗੇ ਇਤਿਹਾਸਕ ਮੌਕੇ 'ਤੇ ਦਰਸ਼ਨ ਨਹੀਂ ਹੋਣਗੇ। 

ਉਧਰ ਲਗਾਤਾਰ ਪਿਛਲੀ ਦੋ ਵਾਰ ਦੀ ਤਰ੍ਹਾਂ  ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਇਸ ਵਾਰ ਆਉਣ ਦੀ ਉਮੀਦ ਨਹੀਂ ਹੈ। ਹਾਲਾਂਕਿ ਅਕਾਲੀ ਦਲ ਨੇ ਵੀ ਇਸ ਕਾਨਫਰੰਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾੜ ਨੇ ਦਸਿਆ ਕਿ '' ਹਾਲੇ ਤੱਕ ਵਿਸਾਖੀ ਕਾਨਫਰੰਸ ਬਾਰੇ ਕੋਈ ਤੈਅ ਨਹੀਂ ਹੋਇਆ ਹੈ। '' ਪਾਰਟੀ ਦੇ ਜਨਰਲ ਸਕੱਤਰ ਅਤੇ ਤਲਵੰਡੀ ਸਾਬੋ ਤੋਂ ਹਲਕਾ ਇੰਚਰਾਜ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਸੰਪਰਕ ਕਰਨ 'ਤੇ ਦਾਅਵਾ ਕੀਤਾ ਕਿ ''ਅੱਜ ਉਨ੍ਹਾਂ ਦਲ ਦੀ ਹੋਈ ਮੀਟਿੰਗ ਵਿਚ ਇਹ ਮੁੱਦਾ ਰੱਖਿਆ ਸੀ, ਜਿਸ ਬਾਰੇ ਆਉਣ ਵਾਲੇ ਇੱਕ-ਦੋ ਦਿਨਾਂ 'ਚ ਫੈਸਲਾ ਲਿਆ ਜਾ ਸਕਦਾ ਹੈ। '' ਦਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਚੋਣ ਨੂੰ ਹੀ ਲੈ ਹਾਲੇ ਤੱਕ ਭੰਵਲਭੂਸਾ ਚੱਲਿਆ ਆ ਰਿਹਾ ਹੈ। ਸੂਤਰਾਂ ਮੁਤਾਬਕ ਹਾਲੇ ਤੱਕ ਬਾਦਲ ਪ੍ਰਵਾਰ ਨੇ ਬਸ਼ੱਕ ਬਠਿੰਡਾ ਤੋਂ ਤਿਆਰੀ ਪੂਰੀ ਕਰੀ ਹੋਈ ਹੈ ਪ੍ਰੰਤੂ ਦਿਲ ਦਾ ਭੇਤ ਨਜਦੀਕੀਆਂ ਨੂੰ ਵੀ ਨਹੀਂ ਦਿੱਤਾ ਜਾ ਰਿਹਾ।

ਦੂਜੇ ਪਾਸੇ ਕਾਂਗਰਸ ਪਾਰਟੀ ਵੀ ਹਾਲੇ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਵਾਲੀ ਨੀਤੀ 'ਤੇ ਚੱਲ ਰਹੀ ਹੈ। ਪਾਰਟੀ ਹਾਈਕਮਾਂਡ ਦੀ ਅੱਜ ਦਿਲੀ ਵਿਖੇ ਵੀ ਲੋਕ ਸਭਾ ਚੋਣਾਂ 'ਚ ਉਮੀਦਵਾਰਾਂ ਦਾ ਫੈਸਲਾ ਕਰਨ ਸਬੰਧੀ ਮੀਟਿੰਗ ਹੋਈ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਟੀ ਹਾਈਕਮਾਂਡ ਵਲੋਂ ਵਿਸਾਖੀ ਕਾਨਫਰੰਸ ਕਰਨ ਸਬੰਧੀ ਕੋਈ ਆਦੇਸ਼ ਨਹੀਂ ਦਿੱਤੇ ਹਨ। ਉਨਾਂ ਕਿਹਾ ਕਿ ਚੋਣ ਜਾਬਤਾ ਲੱਗਿਆ ਹੋਣ ਕਾਰਨ ਸਾਇਦ ਹੀ ਪਾਰਟੀ ਵਲੋਂ ਸਿਆਸੀ ਕਾਨਫਰੰਸ ਕੀਤੀ ਜਾਵੇ। ਉਧਰ ਨਵੀਂ ਬਣੀ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖ਼ਹਿਰਾ ਨੇ ਕਿਹਾ ਕਿ ਜੇਕਰ ਕਿਸੇ ਹੋਰ ਪਾਰਟੀ ਨੇ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਤਾਂ ਸੋਚਿਆ ਜਾਵੇਗਾ, ਨਹੀਂ ਤਾਂ ਹਾਲੇ ਤੱਕ ਪਾਰਟੀ ਦਾ ਕਾਨਫਰੰਸ ਬਾਰੇ ਕੋਈ ਪ੍ਰੋਗਰਾਮ ਨਹੀਂ ਹੈ।