ਕੋਰੋਨਾ ਸੰਕਟ ਦੌਰਾਨ ਅਮਨ ਅਰੋੜਾ ਨੇ ਪੰਜਾਬੀਆਂ ਨੂੰ ਦੱਸੀਆਂ ਜ਼ਰੂਰੀ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਸਬੰਧੀ ਅਮਨ ਅਰੋੜਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ।

Photo

ਚੰਡੀਗੜ੍ਹ: ਕੋਰੋਨਾ ਵਾਇਰਸ ਸਬੰਧੀ ਅਮਨ ਅਰੋੜਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ। ਕੋਰੋਨਾ ਵਾਇਰਸ ਦੇ ਤਾਜ਼ਾ ਹਾਲਾਤਾਂ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੋਰੋਨਾ ਨੇ ਪੂਰੀ ਦੁਨੀਆ ਵਿਚ ਅਪਣਾ ਕਹਿਰ ਢਾਇਆ ਹੋਇਆ ਹੈ। ਇਹ ਸਥਿਤੀ ਚਿੰਤਾ ਦਾ ਵਿਸ਼ਾ ਹੈ।

ਉਹਨਾਂ ਕਿਹਾ ਕਿ ਭਾਰਤ ਨੇ ਪੱਛਮੀ ਦੇਸ਼ਾਂ ਤੋਂ ਸਬਕ ਲੈਂਦੇ ਹੋਏ ਜਲਦ ਹੀ ਇਸ ਸਥਿਤੀ ਲਈ ਕਮਦ ਚੁੱਕਿਆ ਅਤੇ ਇਸ ਲਈ ਭਾਰਤ ਜਲਦ ਹੀ ਇਸ ਬਿਮਾਰੀ ਤੋਂ ਉੱਭਰ ਜਾਵੇਗਾ। ਉਹਨਾ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਲੋਕ ਸਰਕਾਰ ਦੇ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤੇ ਕਰਫਿਊ ਦਾ ਉਲੰਘਣ ਕਰ ਰਹੇ ਹਨ।

ਕਿਸਾਨਾਂ ਦੀਆਂ ਫਸਲਾਂ ਬਾਰੇ ਉਹਨਾਂ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੀ ਸੰਭਾਲ ਕਰਨੀ ਸਰਕਾਰ ਲਈ ਬਹੁਤ ਵੱਡਾ ਟਾਸਕ ਹੈ। ਇਸ ਲਈ ਉਹਨਾਂ ਨੇ ਸਰਕਾਰ ਨੂੰ ਸਲਾਹ ਵੀ ਦਿੱਤੀ ਹੈ, ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਦੇਰੀ ਨਾਲ ਫਸਲਾਂ ਲਿਆਉਣ ‘ਤੇ ਬੋਨਸ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਹਾਲਾਤ ਸਮਝਣੇ ਪੈਣਗੇ। ਉਹਨਾ ਦੱਸਿਆ ਕਿ ਉਹਨਾਂ ਦੇ ਇਲਾਕੇ ਵਿਚ ਕੋਰੋਨਾ ਦਾ ਕੋਈ ਮਾਮਲਾ ਨਹੀਂ ਹੈ ਪਰ ਕੁਝ ਲੋਕ ਅਜਿਹੇ ਹਨ ਜੋ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਉਹ ਸਿਆਸੀ ਮਦਦ ਨਾਲ ਕਰਫਿਊ ਪਾਸ ਬਣਾ ਕੇ ਉਸ ਨੂੰ ਵੀਆਈਪੀ ਪਾਸ ਮੰਨ ਕੇ ਬੈਠੇ ਹਨ ਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਕਈ ਲੋਕ ਆਉਣ ਵਾਲੀਆਂ ਮਿਊਸੀਪਲ ਕਮੇਟੀ ਦੀਆਂ ਚੋਣਾਂ ਲਈ ਇਸ ਮਹਾਮਾਰੀ ਦਾ ਸਹਾਰਾ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਕਈ ਲੋਕ ਅਪਣੀ ਰਾਜਨੀਤੀ ਚਮਕਾਉਣ ਵਿਚ ਲੱਗੇ ਹੋਏ ਹਨ ਅਤੇ ਖਾਣਾ ਵੰਡਣ ਲੱਗੇ ਲਾਪਰਵਾਹੀ ਵਰਤ ਰਹੇ ਹਨ। ਉਹਨਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਹਰੇਕ ਨਿਯਮ ਦੀ ਪਾਲਣਾ ਕੀਤੀ ਹੈ।

ਉਹਨਾ ਕਿਹਾ ਕਿ ਐਨਆਰਆਈਜ਼ ਨੂੰ ਇਸ ਬਿਮਾਰੀ ਲਈ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਗਲਤ ਹੈ, ਕਿਉਂਕਿ ਜਦੋਂ ਵੀ ਪੰਜਾਬ ਨੂੰ ਲੋੜ ਹੁੰਦੀ ਹੈ ਤਾਂ ਸਰਕਾਰਾਂ ਉਹਨਾਂ ਨੂੰ ਨਿਵੇਸ਼ ਕਰਨ ਲਈ ਕਹਿੰਦੀਆਂ ਹਨ ਤੇ ਉਹ ਹਮੇਸ਼ਾਂ ਪੰਜਾਬ ਦੇ ਨਾਲ ਖੜਦੇ ਹਨ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਸਾਵਧਾਨੀ ਵਜੋਂ ਟਰੈਵਲ ਹਿਸਟਰੀ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ।

ਉਹਨਾਂ ਨੇ ਕਿਹਾ ਕਿ ਪੰਜਾਬੀ ਗਾਇਕਾਂ ਨੂੰ ਕੋਰੋਨਾ ਤੋਂ ਬਚਾਅ ਅਤੇ ਜਾਗਰੂਕਤਾ ਲਈ ਗਾਣੇ ਲਿਖਣੇ ਤੇ ਗਾਉਣੇ ਚਾਹੀਦੇ ਹਨ। ਇਸ ਲਈ ਉਹ ਸਮਾਜ ਵਿਚ ਚੰਗਾ ਅਤੇ ਵੱਡਾ ਯੋਗਦਾਨ ਪਾ ਸਕਦੇ ਹਨ। ਉਹਨਾ ਕਿਹਾ ਕਿ ਹਰ ਵਿਅਕਤੀ ਇਸ ਸਮੇਂ ਲੋੜਵੰਦਾਂ ਦੀ ਸੇਵਾ ਕਰ ਰਿਹ ਹੈ, ਉਹਨਾਂ ਕਿਹਾ ਕਿ ਉਹਨਾ ਨੂੰ ਯਕੀਨ ਹੈ ਕਿ ਪੰਜਾਬੀ ਪੰਜਾਬ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਣਗੇ। ਇਸ ਲਈ ਗੁਰਦੁਆਰਾ ਸਾਹਿਬ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ।

ਨਿਜ਼ਾਮੂਦੀਨ ਵਿਚ ਹੋਏ ਮਰਕਜ਼ ਦੀ ਉਹਨਾਂ ਨੇ ਨਿਖੇਧੀ ਕੀਤੀ ਅਤੇ ਕਿਹਾ ਕਿ ਇਨਸਾਨੀਅਤ ਨੂੰ ਪਾਸੇ ਰੱਖ ਕੇ ਅਜਿਹਾ ਕਰਨਾ ਬਹੁਤ ਵ਼ੱਡਾ ਅਧਰਮ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕਿਸੇ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਇਕਜੁੱਟ ਹੋ ਕੇ ਲੋੜਵੰਦਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਇਹ ਲੜਾਈ ਘਰਾਂ ਵਿਚ ਰਹਿ ਕੇ ਹੀ ਜਿੱਤੀ ਜਾ ਸਕਦੀ ਹੈ।