ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਤੇ ਮਾਲਕ ਸਣੇ 6 ਵਿਅਕਤੀਆਂ ਵਿਰੁਧ ਮਾਮਲਾ ਦਰਜ

Died a person in Drug de-addiction center

ਦਿੜ੍ਹਬਾ: ਦਿੜ੍ਹਬਾ ਨੇੜੇ ਸੂਲਰ ਘਰਾਟ ’ਚ ਚੱਲ ਰਹੇ ਪ੍ਰਾਈਵੇਟ ਨਵਚੇਤਨਾ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ 45 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਸ਼ਰਾਬ ਪੀਣ ਦੀ ਆਦੀ ਸੀ ਤੇ ਉਸ ਦੇ ਲੜਕੇ ਨੇ ਦੋਸ਼ ਲਾਇਆ ਹੈ ਕਿ ਨਸ਼ਾ ਛੁਡਾਊ ਕੇਂਦਰ ਵਿਚ ਉਸ ਦੇ ਪਿਤਾ ਨੂੰ ਉਲਟਾ ਲਟਕਾ ਕੇ ਕੁੱਟਿਆ ਗਿਆ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਵਿਅਕਤੀ ਦੀ ਮੌਤ ਹੋਣ ਤੋਂ ਕਈ ਘੰਟੇ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿਤਾ।

ਇਸ ਸਬੰਧੀ ਜਦੋਂ ਪਰਵਾਰ ਵਾਲਿਆਂ ਨੂੰ ਕਈ ਘੰਟਿਆ ਬਾਅਦ ਕੇਂਦਰ ਦੇ ਪ੍ਰਬੰਧਕਾਂ ਵਲੋਂ ਸੂਚਨਾ ਦਿਤੀ ਗਈ ਤਾਂ ਉਹ ਹਸਪਤਾਲ ਪਹੁੰਚੇ ਪਰ ਉਦੋਂ ਤੱਕ ਨਸ਼ਾ ਛੁਡਾਊ ਕੇਂਦਰ ਦਾ ਸਟਾਫ਼ ਲਾਸ਼ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਛੱਡ ਕੇ ਹੀ ਫ਼ਰਾਰ ਹੋ ਗਿਆ। ਮ੍ਰਿਤਕ ਦੇ ਪਰਵਾਰ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ’ਤੇ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਤੇ ਮਾਲਕ ਸਣੇ 6 ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਹੈ।

ਡੀਐੱਸਪੀ ਵਿਲੀਅਮ ਜੇਜੀ ਨੇ ਕਿਹਾ ਕਿ ਗੁਰਲਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗਾ। ਇਸ ਮਾਮਲੇ ਦੇ ਸਬੰਧ ਵਿਚ ਮ੍ਰਿਤਕ ਦੇ ਲੜਕੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਕੇਵਲ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਜੋ ਸ਼ਰਾਬ ਪੀਣ ਦਾ ਆਦੀ ਸੀ। ਸ਼ਰਾਬ ਛੁਡਾਉਣ ਲਈ ਉਨ੍ਹਾਂ ਨੂੰ ਨਵਚੇਤਨਾ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾਇਆ ਤੇ 14 ਹਜ਼ਾਰ ਰੁਪਏ ਫ਼ੀਸ ਵੀ ਜਮ੍ਹਾ ਕਰਵਾਈ।

1 ਮਈ ਨੂੰ ਉਨ੍ਹਾਂ ਨੂੰ ਕੇਂਦਰ ਦੇ ਮੈਨੇਜਰ ਪੰਕਜ ਵਰਮਾ ਦਾ ਫ਼ੋਨ ਆਇਆ ਕਿ ਉਸ ਦੇ ਪਿਤਾ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਇਆ ਹੈ। ਜਦੋਂ ਉਹ ਪਰਵਾਰ ਸਮੇਤ ਹਸਪਤਾਲ ਪਹੁੰਚਿਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਜਦ ਉਨ੍ਹਾਂ ਲਾਸ਼ ਵੇਖੀ ਤਾਂ ਲਾਸ਼ ’ਤੇ ਕਈ ਥਾਵਾਂ ’ਤੇ ਕੁੱਟਮਾਰ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਸਨ। ਉਸ ਦੇ ਕਿਹਾ ਕਿ ਉਸ ਦੇ ਪਿਤਾ ਨੂੰ ਉਕਤ ਲੋਕਾਂ ਨੇ ਲਟਕਾ ਕੇ ਕੁੱਟਿਆ ਹੈ, ਜਿਸ ਕਰਕੇ ਉਸ ਦੇ ਪਿਤਾ ਦੀ ਮੌਤ ਹੋ ਗਈ।