ਘਰ ’ਚ ਹੀ ਚਲਾ ਰਹੇ ਸਨ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ, ਪਿਓ-ਪੁੱਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਮਰੀਜ਼ਾਂ ਨੂੰ ਛੁਡਾ ਕੇ ਸਿਵਲ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ

Illegal Drug De-addiction Center

ਲੁਧਿਆਣਾ: ਥਾਣਾ ਡੇਹਲੋਂ ਦੀ ਪੁਲਿਸ ਤੇ ਸਾਹਨੇਵਾਲ ਤੋਂ ਆਈ ਸਿਹਤ ਵਿਭਾਗ ਦੀ ਸਾਂਝੀ ਟੀਮ ਵਲੋਂ ਰੇਡ ਕਰਕੇ ਪਿੰਡ ਆਲਮਗੀਰ ਦੇ ਨੇੜੇ ਦਸ਼ਮੇਸ਼ ਨਗਰ ਵਿਚ ਇਕ ਪਿਓ-ਪੁੱਤ ਵਲੋਂ ਬਿਨਾਂ ਲਾਇਸੰਸ ਤੋਂ ਘਰ ਵਿਚ ਹੀ ਚਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਪਰਦਾਫ਼ਾਸ਼ ਕੀਤਾ। ਪੁਲਿਸ ਵਲੋਂ ਉੱਥੇ 24 ਮਰੀਜ਼ਾਂ ਨੂੰ ਛੁਡਾ ਕੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਪਿਓ ਬਿੱਕਰ ਸਿੰਘ ਅਤੇ ਪੁੱਤਰ ਭੁਪਿੰਦਰ ਸਿੰਘ ਵਿਰੁਧ ਧਾਰਾ 420, 342, 323, 506, 34 ਆਈ.ਪੀ.ਐਸ. ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ,

ਜਿਨ੍ਹਾਂ ਨੂੰ ਅੱਜ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉੱਥੇ ਇਹ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਸਮੇਂ ਤੋਂ ਉਕਤ ਕੇਂਦਰ ਚੱਲ ਰਿਹਾ ਸੀ।
ਪੁਲਿਸ ਮੁਤਾਬਕ ਪਿਓ-ਪੁੱਤ ਹਰੇਕ ਮਰੀਜ਼ ਦੇ ਪਰਵਾਰ ਤੋਂ 10 ਹਜ਼ਾਰ ਰੁਪਏ ਮਹੀਨਾ ਵਸੂਲ ਰਹੇ ਸਨ। ਮਰੀਜ਼ਾਂ ਮੁਤਾਬਕ ਖਾਣ-ਪੀਣ ਵਿਚ ਸਿਰਫ਼ ਚੌਲ ਤੇ ਗਰਮ ਪਾਣੀ ਦਿਤਾ ਜਾਂਦਾ ਸੀ। ਜਦ ਵੀ ਉਨ੍ਹਾਂ ਦਾ ਸਰੀਰ ਦਰਦ ਕਰਦਾ ਤਾਂ ਉਨ੍ਹਾਂ ਨੂੰ ਪੇਨ ਕਿੱਲਰ ਦੇ ਕੇ ਬਿਠਾ ਦਿੰਦੇ। ਜੇਕਰ ਕੋਈ ਵਿਰੋਧ ਕਰਦਾ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਤੇ ਉਥੇ ਕੋਈ ਵੀ ਡਾਕਟਰ ਨਹੀਂ ਸੀ।

ਇਸ ਮੌਕੇ ਜੇ.ਪੀ. ਸਿੰਘ, ਐਸ.ਐਮ.ਓ. ਸਾਹਨੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ ਡੇਢ ਮਹੀਨਾ ਪਹਿਲਾਂ ਵੀ ਇਸ ਕੇਂਦਰ ਵਿਚ ਰੇਡ ਮਾਰੀ ਗਈ ਸੀ ਤੇ 17 ਮਰੀਜ਼ਾਂ ਨੂੰ ਛੁਡਾ ਕੇ ਥਾਣਾ ਡੇਹਲੋਂ ਦੀ ਪੁਲਿਸ ਨੂੰ ਸੂਚਨਾ ਦਿਤੀ ਗਈ ਸੀ ਪਰ ਕਾਫ਼ੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵਲੋਂ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ। ਏ.ਐਸ.ਆਈ. ਗੁਰਪ੍ਰੀਤ ਸਿੰਘ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿਓ-ਪੁੱਤ ਦੇ ਵਿਰੁਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।