ਚੇਲੇ ਦਾ ਰਾਹ ਰੋਕਣ ਲਈ ਗੁਰੂ ਵੀ ਡਟਿਆ ਮੈਦਾਨ 'ਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੜਿੰਗ ਦੇ ਦਾਦਾ ਜਥੇਦਾਰ ਸੰਪੂਰਨ ਸਿੰਘ 1957 ਵਿਚ ਰਹਿ ਚੁੱਕੇ ਹਨ ਸ਼੍ਰੋਮਣੀ ਕਮੇਟੀ ਮੈਂਬਰ

Pic

ਬਠਿੰਡਾ : ਕਿਸੇ ਸਮੇਂ ਉਂਗਲ ਫੜ ਕੇ ਸਿਆਸੀ ਮੈਦਾਨ 'ਚ ਤੋਰਨਾ ਸਿਖਾਉਣ ਵਾਲੇ 'ਚੇਲੇ' ਦਾ ਰਾਹ ਰੋਕਣ ਲਈ ਹੁਣ ਗੁਰੂ ਵੀ ਮੈਦਾਨ ਵਿਚ ਡਟ ਗਿਆ ਹੈ। ਜੀ ਹਾਂ, ਇਸ ਨੂੰ ਰਾਜਨੀਤੀ ਦਾ ਸਬੱਬ ਹੀ ਕਿਹਾ ਜਾ ਸਕਦਾ ਹੈ ਕਿ ਸੂਬੇ ਦੀ ਸੱਭ ਤੋਂ ਚਰਚਿਤ ਲੋਕ ਸਭਾ ਸੀਟ ਬਠਿੰਡਾ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਯੂਥ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾਉਣ ਲਈ ਉਸ ਦੇ ਸਿਆਸੀ ਗੁਰੂ ਮੰਨੇ ਜਾਂਦੇ ਜਗਮੀਤ ਸਿੰਘ ਬਰਾੜ ਨੇ ਵੀ ਮੋਰਚਾ ਖੋਲ੍ਹ ਦਿਤਾ ਹੈ।

ਮਹੱਤਵਪੂਰਨ ਗੱਲ ਇਹ ਵੀ ਪਤਾ ਚੱਲੀ ਹੈ ਕਿ ਖ਼ੁਦ ਨੂੰ ਗ਼ੈਰ-ਸਿਆਸੀ ਪਰਵਾਰ ਵਿਚੋਂ ਦੱਸਣ ਵਾਲੇ ਰਾਜਾ ਵੜਿੰਗ ਦੇ ਦਾਦਾ ਜੀ ਜਥੇਦਾਰ ਸੰਪੂਰਨ ਸਿੰਘ ਵੜਿੰਗ 1957 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਚੋਣਾਂ ਵਿਚ ਜਗਮੀਤ ਸਿੰਘ ਬਰਾੜ ਦੇ ਪਿਤਾ ਗੁਰਮੀਤ ਸਿੰਘ ਬਰਾੜ ਨੇ ਜਥੇਦਾਰ ਵੜਿੰਗ ਦੀ ਡਟ ਕੇ ਮਦਦ ਕੀਤੀ ਸੀ, ਜਿਸ ਤੋਂ ਬਾਅਦ ਦੋਹਾਂ ਪਰਵਾਰਾਂ ਦੀ ਸਾਂਝ ਚੱਲੀ ਆ ਰਹੀ ਹੈ। ਬਰਾੜ ਦੇ ਨਜ਼ਦੀਕੀਆਂ ਮੁਤਾਬਕ 90ਵੇਂ ਦਹਾਕੇ 'ਚ ਰਾਜਾ ਵੜਿੰਗ ਉਨ੍ਹਾਂ ਦੇ ਕਾਫ਼ਲੇ ਵਿਚ ਸ਼ਾਮਲ ਹੋ ਗਿਆ ਸੀ।

ਜਿਸ ਤੋਂ ਬਾਅਦ ਉਸ ਨੇ ਬਾਦਲਾਂ ਦੇ ਵਿਰੋਧ 'ਚ ਡਟਣ ਵਾਲੇ ਬਰਾੜ ਦੀ 1996, 1998, 1999 ਤੇ 2004 ਵਿਚ ਮਦਦ ਕੀਤੀ ਸੀ। ਇਹ ਵੀ ਸੂਚਨਾ ਮਿਲੀ ਹੈ ਕਿ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਰਾਜਾ ਵੜਿੰਗ ਵਲੋਂ ਜਲੰਧਰ ਵਿਚ ਦਿਤੇ ਭਾਸ਼ਣ ਨੇ ਹੀ ਉਸ ਦਾ ਦਿੱਲੀ ਦਾ ਰਸਤਾ ਖੋਲ੍ਹਿਆ ਸੀ। ਜਗਮੀਤ ਬਰਾੜ ਤੋਂ ਭਾਸ਼ਣ ਕਲਾਂ ਸਿੱਖਣ ਵਾਲੇ ਰਾਜਾ ਵੜਿੰਗ ਦੇ ਭਾਸਣ ਨੂੰ ਪਰਦੇ ਪਿੱਛੇ ਸੁਣਨ ਵਾਲਿਆਂ ਨੂੰ 'ਗੁਰੂ ਤੇ ਚੇਲੇ' ਦੀ ਅਵਾਜ਼ ਵੀ ਪਛਾਨਣੀ ਮੁਸ਼ਕਲ ਹੋ ਜਾਂਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਰਾਜਾ ਵੜਿੰਗ ਅੱਜ ਉਸ ਮੁਕਾਮ 'ਤੇ ਪੁੱਜ ਗਏ ਹਨ, ਜਿਥੇ ਪੁੱਜਣ ਲਈ ਉਨ੍ਹਾਂ ਦੇ ਗੁਰੂ ਬਰਾੜ ਨੂੰ ਕਰੀਬ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਸੰਘਰਸ਼ ਕਰਨਾ ਪਿਆ ਸੀ।

ਇਹ ਮੁਕਾਮ ਅਹੁਦਿਆਂ ਦਾ ਨਹੀਂ, ਬਲਕਿ ਪੰਜਾਬ ਦੀ ਸਿਆਸਤ 'ਤੇ ਪਿਛਲੇ ਸੱਤ ਦਹਾਕਿਆਂ ਤੋਂ ਸਥਾਪਤ ਪਰਕਾਸ਼ ਸਿੰਘ ਬਾਦਲ ਦੇ 'ਟੱਬਰ' ਨੂੰ ਟੱਕਰ ਦੇਣ ਦਾ ਹੈ। 1996 ਤੇ 1998 ਦੀਆਂ ਦੋ ਸਿਆਸੀ ਜੰਗਾਂ ਹਾਰ ਕੇ 1999 ਵਿਚ ਤਤਕਾਲੀ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਵਾਲੇ ਜਗਮੀਤ ਸਿੰਘ ਬਰਾੜ ਦਾ ਸਿਆਸੀ 'ਜਲਵਾ' ਇਸ ਘਟਨਾ ਨੇ ਬੁਲੰਦੀਆਂ ਤਕ ਪਹੁੰਚਾ ਦਿਤਾ ਸੀ।

ਹਾਲਾਂਕਿ ਇਹ ਗੱਲ ਵਖਰੀ ਹੈ ਕਿ ਸਿਆਸੀ ਵਿਰੋਧੀਆਂ ਤੇ ਅਪਣੇ ਬੜਬੋਲੇਪਣ ਕਾਰਨ ਅੰਬਰ ਦੀ ਗਰਦਿਸ 'ਚ ਗੁਆਚਣ ਵਾਲੇ ਜਗਮੀਤ ਸਿੰਘ ਬਰਾੜ ਨੂੰ ਔਖੀਆਂ ਪ੍ਰਸਥਿਤੀਆਂ ਦੌਰਾਨ ਹੁਣ ਸਿਆਸੀ ਮੋੜਾ ਬਾਦਲ ਪਰਵਾਰ ਵਲ ਕੱਟਣਾ ਪੈ ਗਿਆ ਹੈ ਪਰ ਅੱਜ ਉਨ੍ਹਾਂ ਦਾ ਚੇਲਾ ਬਾਦਲ ਪਰਵਾਰ ਨੂੰ ਟੱਕਰ ਦੇ ਰਿਹਾ ਹੈ ਜਦਕਿ ਜਗਮੀਤ ਸਿੰਘ ਬਰਾੜ ਅਪਣੇ ਸਿਆਸੀ ਭਾਸ਼ਣਾਂ ਰਾਹੀਂ ਉਸ ਦੀ ਸਿਆਸੀ ਵਿਰੋਧੀ ਹਰਸਿਮਰਤ ਕੌਰ ਬਾਦਲ ਦਾ ਰਾਹ ਸਾਫ਼ ਕਰਨ 'ਤੇ ਲੱਗੇ ਹੋਏ ਹਨ। ਬਠਿੰਡਾ ਲੋਕ ਸਭਾ ਹਲਕੇ ਦੇ ਇਲਾਕੇ 'ਚ ਜਿੱਥੇ ਮਗਰ-ਮੂਹਰੇ ਦੋਵੇਂ ਆਗੂ ਜਾ ਚੁੱਕੇ ਹਨ, ਉਥੇ ਇਨ੍ਹਾਂ ਦੀ ਚਰਚਾ ਚਲਦੀ ਰਹਿੰਦੀ ਹੈ।