ਜਗਮੀਤ ਬਰਾੜ ਦੀ ਘਰ ਵਾਪਸੀ ; ਫ਼ਿਰੋਜਪੁਰ ਸੀਟ ਤੋਂ ਉਮੀਦਵਾਰੀ ਦੀ ਸੰਭਾਵਨਾ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਕਤਸਰ ਦਰਬਾਰ ਸਾਹਿਬ ਮੱਥਾ ਟੇਕਿਆ ; ਸ਼੍ਰੋਮਣੀ ਅਕਾਲੀ ਦਲ ਵਾਸਤੇ ਚੋਣ ਪ੍ਰਚਾਰ ਸ਼ੁਰੂ

Jagmeet Brar

ਚੰਡੀਗੜ੍ਹ : ਲੱਗਭਗ 30 ਸਾਲ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ 2 ਵਾਰ ਫ਼ਰੀਦਕੋਟ ਸੀਟ ਤੋਂ ਲੋਕ ਸਭਾ ਮੈਂਬਰ ਵਜੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਲੋਕਾਂ ਦੇ ਹਿੱਤ ਵਿਚ ਆਵਾਜ਼ ਉਠਾਉਣ ਵਾਲੇ ਆਵਾਜ਼ਾ-ਏ-ਪੰਜਾਬ ਮਾਲਵਾ ਦੇ ਸਿੱਖ ਨੇਤਾ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਮੀਤ ਪ੍ਰਧਾਨ ਦੀ ਪਦਵੀ ਦੇ ਕੇ ਲੀਡਰਾਂ ਦੀ ਉਚ ਕਤਾਰ ਵਿਚ ਲਿਆ ਖੜ੍ਹਾ ਕਰ ਦਿਤਾ ਹੈ। ਪਹਿਲਾਂ ਕਾਂਗਰਸ ਛੱਡ ਕੇ ਮਮਤਾ ਬੈਨਰਜੀ ਵਾਲੀ ਤ੍ਰਿਣਾਮੂਲ ਕਾਂਗਰਸ ਵਿਚ ਗਏ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਕੁਝ ਸਮਾਂ ਜੁੜੇ ਰਹੇ ਇਸ, ਸਿੱਖੀ ਹੱਕਾਂ ਵਾਸਤੇ ਸੰਘਰਸ਼ ਕਰਨ ਵਾਲੇ, ਜੁਝਾਰੂ ਲੀਡਰ ਨੇ ਹੁਣ ਉਨ੍ਹਾਂ ਅਕਾਲੀ ਨੇਤਾਵਾਂ ਦਾ ਪੱਲਾ ਫੜਿਆ ਹੈ ਜਿਨ੍ਹਾਂ ਦਾ ਦਲ ਅਪਣੀ ਸਾਖ ਨੂੰ ਬਚਾਉਣ ਵਿਚ ਰੁਝਾ ਹੋਇਆ ਹੈ।

ਉਂਜ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਗਮੀਤ ਬਰਾੜ ਦੀ ਸ਼ਮੂਲੀਅਤ ਨੂੰ ਘਰ ਵਾਪਸੀ ਕਰਾਰ ਦਿਤਾ ਹੈ ਕਿਉਂਕਿ ਜਗਮੀਤ ਬਰਾੜ ਦੇ ਪਿਤਾ ਸ. ਗੁਰਮੀਤ ਸਿੰਘ ਬਰਾੜ 3 ਵਾਰ ਅਕਾਲੀ ਸਰਕਾਰਾਂ ਵਿਚ 1967, 69 ਅਤੇ 1970 ਵਿਚ ਮੰਤਰੀ ਰਹੇ ਸਨ, ਪਰ ਦਿਲਚਸਪ ਗੱਲ ਇਹ ਹੈ ਕਿ 1996 ਅਤੇ 1998 ਵਿਚ 2 ਵਾਰ ਫ਼ਰੀਦਕੋਟ ਸੀਟ ਤੋਂ ਹਾਰ ਜਾਣ ਉਪਰੰਤ ਵੀ ਅਗਲੇ ਸਾਲ 1999 ਵਿਚ ਸੁਖਬੀਰ ਬਾਦਲ ਨੂੰ 5100 ਵੋਟਾਂ ਨਾਲ ਹਰਾਉਣ ਵਾਲੇ ਇਸ ਸੂਰਮੇ ਨੂੰ 20 ਸਾਲ ਬਾਅਦ ਉਸੇ ਲੀਡਰ ਨਾਲ ਗਲਵੱਕੜੀ ਪਾਉਣੀ ਪਈ ਹੈ।

ਮੁਕਤਸਰ ਦਰਬਾਰ ਸਾਹਿਬ ਗੁਰਦਵਾਰੇ ਵਿਚ ਅੱਜ ਮੱਥਾ ਟੇਕਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਲ ਨਾਲ ਫ਼ੋਨ 'ਤੇ ਗਲਬਾਤ ਕਰਦੇ ਹੋਏ ਜਗਮੀਤ ਬਰਾੜ ਅਤੇ ਉਸ ਦੇ ਭਰਾ, ਸਾਬਕਾ ਵਿਧਾਇਕ ਰਿਪਜੀਤ ਬਰਾੜ ਨੇ ਦਸਿਆ ਕਿ ਅੱਜ ਤੋਂ ਹੀ, ਸ਼੍ਰੋਣੀ ਅਕਾਲੀ ਦਲ ਅਤੇ ਇਸ ਦੇ ਲੋਕ ਸਭਾ ਉਮੀਦਵਾਰਾਂ ਵਾਸਤੇ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਅਤੇ ਭਵਿੱਖ ਵਿਚ ਕੋਈ ਹੋਰ ਜ਼ਿੰਮੇਦਾਰੀ ਸੌਂਪੇ ਜਾਣ ਬਾਰੇ ਵੱਡੇ ਬਾਦਲ ਤੇ ਸੁਖਬੀਰ ਬਾਦਲ ਦਾ ਧਨਵਾਦ ਕਰਦੇ ਹੋਏ ਜਗਮੀਤ ਬਰਾੜ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲ ਦਲ ਅਤੇ ਇਸ ਦੇ ਪ੍ਰਧਾਨ ਵਲੋਂ ਜੋ ਵੀ ਡਿਊਟੀ ਲਾਈ ਜਾਵੇਗੀ, ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ।

ਬੇਅਦਬੀ ਮਾਮਲਿਆਂ ਵਿਚ ਪਿਛਲੇ 2 ਸਾਲਾਂ ਤੋਂ ਨੁਕਰੇ ਲੱਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮੁੜ ਪੈਰਾਂ 'ਤੇ ਖੜ੍ਹੇ ਕਰਨਾ ਹੈ, ਬਾਰੇ ਪੁਛੇ ਸੁਆਲ ਦਾ ਜੁਆਬ ਦਿੰਦਿਆਂ ਬਰਾੜ ਨੇ ਕਿਹਾ ਕਿ ਸਿਆਸਤ ਵਿਚ ਕਈ ਤਰ੍ਹਾਂ ਦੇ ਉਤਾਰ ਚੜਾਅ ਆਉਂਦੇ ਹਨ, ਅਕਾਲੀ ਦਲ ਪੇਂਡੂ ਸਿੱਖ ਵੋਟਰਾਂ ਤੋਂ ਕਿਸਾਨੀ ਨਾਲ ਜੁੜਿਆ ਹੈ ਛੇਤੀ ਪੈਰੀ ਆ ਜਾਵੇਗਾ। ਅਕਾਲੀ ਦਲ ਵਿਚ ਸ਼ਮੂਲੀਅਤ ਤੋਂ 48 ਘੰਟਿਆਂ ਵਿਚ ਹੀ ਦਲ ਦੀ ਸੀਨੀਅਰ ਮੀਤ ਪ੍ਰਧਾਨੀ ਲਈ ਯੋਗ ਬਣਾਉਣ ਸਬੰਧੀ ਅਤੇ ਫ਼ਿਰੋਜਪੁਰ ਲੋਕ ਸਭਾ ਸੀਟ ਵਾਸਤੇ ਉਮੀਦਵਾਰੀ ਦੀ ਸੰਭਾਵਨਾ 'ਤੇ ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤਾਂ ਉਹ ਸੀਨੀਅਰ ਨੇਤਾਵਾਂ ਦਾ ਆਸ਼ੀਰਵਾਦ ਲੈਣਗੇ, ਅਪਣੀ ਜਗ੍ਹਾ ਦਲ ਵਿਚ ਕਾਇਮੀ ਵਾਸਤੇ ਸਿੱਧ ਕਰਨਗੇ, ਫਿਰ ਕਿਤੇ ਆਸ ਹੋਏਗੀ, ਇੰਨੀ ਜਲਦੀ ਅਜੇ ਕੋਈ ਨਹੀਂ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ 6 ਸੀਨੀਅਰ ਮੀਤ ਪ੍ਰਧਾਨ ਹਨ ਜਿਨ੍ਹਾਂ ਵਿਚੋਂ ਰਣਜੀਤ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਬਾਹਰ ਹੋ ਗਏ ਹਨ। ਸ. ਤੋਤਾ ਸਿੰਘ, ਡਾ. ਉਪਿੰਦਰ ਜੀਤ ਕੌਰ, ਬਲਵਿੰਦਰ ਸਿੰਘ ਭੂੰਦੜ ਤੇ ਬੀਬੀ ਜਗੀਰ ਕੌਰ ਦੇ ਬਰਾਬਰ ਜਗਮੀਤ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮਿਲ ਗਿਆ ਹੈ।