ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਡੀਕਲ ਸਟਾਫ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ ਕਰੇਗਾ

Badal Congress government for the incidents of indecency

ਖਰੜ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਬਹੁਤ ਦੁਖ ਅਤੇ ਤਕਲੀਫ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਪਾਰਟੀ ਇਸ ਸੰਵੇਦਨਸ਼ੀਲ ਮਾਮਲੇ ’ਤੇ ਰਾਜਨੀਤੀ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਸੂਬੇ 'ਚ ਅਕਾਲੀ ਸਰਕਾਰ ਬਣਨ ’ਤੇ ਮਾਮਲੇ 'ਚ ਨਿਆਂ ਮਿਲਣਾ ਯਕੀਨੀ ਬਣਾਇਆ ਜਾਵੇਗਾ। 

ਅਕਾਲੀ ਦਲ ਦੇ ਪ੍ਰਧਾਨ ਇਥੇ ਪਾਰਟੀ ਦੇ ਆਗੂ ਰਣਜੀਤ ਸਿੰਘ ਗਿੱਲ ਵੱਲੋਂ ਬਣਾਏ 25 ਬੈੱਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਗਿੱਲ ਨੇ ਦੱਸਿਆ ਕਿ ਇਸ ਏ.ਸੀ. ਸਹੂਲਤ 'ਚ ਕੰਸੈਂਟ੍ਰੇਟਰ ਲੱਗੇ ਹਨ ਅਤੇ ਮੈਡੀਕਲ ਸਟਾਫ ਇਥੇ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ ਕਰੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ 'ਚ ਨਿਆਂ ਪ੍ਰਾਪਤ ਕਰਨ ਲਈ ਕਾਂਗਰਸ ਪਾਰਟੀ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਜਦੋਂ ਬੇਅਦਬੀ ਦੇ ਮਾਮਲੇ ਹੋਏ ਸਨ ਤਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਕਾਂਗਰਸ ਤੇ ਇਸ ਦੇ ਕੁਝ ਅਖੌਤੀ ਆਗੂਆਂ ਨੇ ਮੰਗ ਕੀਤੀ ਕਿ ਮਾਮਲਾ ਸੀ.ਬੀ.ਆਈ. ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਸੱਤਾ 'ਚ ਆ ਗਈ ਤਾਂ ਇਸ ਨੇ ਨਾ ਸਿਰਫ ਕੇਸ ਸੀ.ਬੀ.ਆਈ. ਤੋਂ ਵਾਪਸ ਲੈ ਲਏ ਸਗੋਂ ਚਾਰ ਸਾਲਾਂ 'ਚ ਕੋਈ ਪ੍ਰਗਤੀ ਨਹੀਂ ਕੀਤੀ। 

ਕੁਝ ਅਖੌਤੀ ਸੰਗਠਨਾਂ ਵੱਲੋਂ ਬੇਅਦਬੀ ਦੇ ਮਾਮਲੇ ’ਤੇ ਕੀਤੀ ਜਾ ਰਹੀ ਰਾਜਨੀਤੀ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਬਲਜੀਤ ਸਿੰਘ ਦਾਦੂਵਾਲ ਵਰਗਿਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਿਵੇਂ ਬਣ ਗਏ। ਉਨ੍ਹਾਂ ਕਿਹਾ ਕਿ ਹੁਣ ਵੀ ਦਾਦੂਵਾਲ ਦੇ ਕਹਿਣ ’ਤੇ ਭਾਜਪਾ ਸਰਕਾਰ ਨੇ ਹਰਿਆਣਾ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਹਨ। 

ਇਹ ਵੀ ਪੜ੍ਹੋ-ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ

ਉਨ੍ਹਾਂ ਨੇ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੀ ਲੁੱਟ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਕੱਸਣ ਅਤੇ ਦਵਾਈਆਂ ਦੀ ਕਾਲਾਬਜ਼ਾਰੀ ਰੋਕਣ 'ਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਬਲਾਕ ਪੱਧਰ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹੱਣ 'ਚ ਵੀ ਨਾਕਾਮ ਰਹੀ ਹੈ ਅਤੇ ਇਹ ਪੰਜਾਬ ਦੀ ਸਾਰੀ ਆਬਾਦੀ ਨੂੰ ਲਗਾਉਣ ਲਈ ਉਤਪਾਦਕਾਂ ਤੋਂ ਵੈਕਸੀਨ ਖਰੀਦਣ 'ਚ ਵੀ ਨਾਕਾਮ ਰਹੀ ਹੈ। 

ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਕੰਮ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਗਰੀਬ ਤੋਂ ਗਰੀਬ ਤੱਕ ਵੀ ਪਹੁੰਚ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ 35 ਹਲਕਿਆਂ ਵਿਚ 325 ਕੰਸੈਂਟ੍ਰੇਟਰਾਂ ਨਾਲ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ 15 ਕੋਰੋਨਾ ਸੈਂਟਰ ਖੋਲ੍ਹੇ ਹਨ ਅਤੇ 70 ਹਲਕਿਆਂ 'ਚ ਲੰਗਰ ਸੇਵਾ ਕੀਤੀ। ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਉਨ੍ਹਾਂ ਦੀ ਚਲ ਰਹੀ ਹੜਤਾਲ ਖਤਮ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਨਿਯਮਿਤ ਕਰਨ।

ਇਹ ਵੀ ਪੜ੍ਹੋ-'ਚੋਣਾਂ ਕਾਰਨ ਬਿਜਲੀ ਬਿੱਲਾਂ 'ਚ 25-50 ਪੈਸੇ ਕਮੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਕੈਪਟਨ ਸਰਕਾਰ'

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਸਫਾਈ ਕਰਮਚਾਰੀਆਂ ਨੂੰ ਨਿਯਮਿਤ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਕਾਂਗਰਸ ਰਾਜਕਾਲ ਵਿਚ ਇਹ ਠੱਪ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਵੇਲੇ ਹੋਰ ਬਿਮਾਰੀ ਫੈਲਣ ਦੇ ਖ਼ਤਰੇ ਨੂੰ ਵੇਖਦਿਆਂ ਇਨ੍ਹਾਂ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।