ਨਵਜੋਤ ਸਿੱਧੂ ਲਾਪਤਾ! ਅੰਮ੍ਰਿਤਸਰ ਵਿਚ ਲੱਗੇ ਪੋਸਟਰ, ਲੱਭ ਕੇ ਲਿਆਉਣ ਵਾਲੇ ਨੂੰ 50 ਹਜ਼ਾਰ ਦਾ ਇਨਾਮ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਦੇ ਵਿਧਾਨ ਸਭਾ ਖੇਤਰ ਵਿਚ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ

Navjot Sidhu Missing Posters

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ ਅਚਾਨਕ ਲਾਪਤਾ ਹੋ ਗਏ ਹਨ। ਦਰਅਸਲ ਉਹਨਾਂ ਦੇ ਵਿਧਾਨ ਸਭਾ ਖੇਤਰ ਵਿਚ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ। ਦੱਸ ਦਈਏ ਕਿ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਚ ਪੂਰਬੀ ਵਿਧਾਨ ਸਭਾ ਖੇਤਰ ਤੋਂ ਚੋਣ ਜਿੱਤੀ ਸੀ, ਇਸ ਲਈ ਇਸ ਖੇਤਰ ਵਿਚ ਕਰੀਬ 300 ਪੋਸਟਰ ਲਗਾਏ ਗਏ ਹਨ।

ਲੱਭ ਕੇ ਲਿਆਉਣ ਵਾਲੇ ਨੂੰ 50 ਹਜ਼ਾਰ ਦਾ ਇਨਾਮ

ਪੋਸਟਰਾਂ ਉੱਤੇ ਨਵਜੋਤ ਸਿੱਧੂ ਦੀ ਤਸਵੀਰ ਨਾਲ ਗੁੰਮਸ਼ੁਦਾ ਦੀ ਤਲਾਸ਼ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੂੰ ਲੱਭਣ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਉਹ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸੀ ਉਸ ਸਮੇਂ ਵੀ ਅਜਿਹੇ ਪੋਸਟਰ ਲਗਾਏ ਗਏ ਸੀ।

ਇਹ ਪੋਸਟਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਮੁਖੀ ਅਨਿਲ ਵਸ਼ਿਸ਼ਟ ਅਤੇ ਉਹਨਾਂ ਦੇ ਮੈਂਬਰਾਂ ਵੱਲੋਂ ਜੌੜਾ ਫਾਟਕ ਨੇੜੇ ਸਥਿਤ ਰਸੂਲਪੁਰ ਕਲਰ ਵਿਖੇ ਲਗਾਏ ਗਏ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਵਿਧਾਨ ਸਭਾ ਖੇਤਰ ਵਿਚ ਨਹੀਂ ਆਏ, ਇਸ ਲਈ ਲੋਕ ਉਹਨਾਂ ਨੂੰ ਲੱਭ ਰਹੇ ਹਨ ਤਾਂ ਕਿ ਉਹ ਅਪਣੇ ਵਾਅਦੇ ਪੂਰੇ ਕਰ ਸਕਣ।

ਜੌੜਾ ਫਾਟਕ ਰੇਲ ਹਾਦਸੇ ਤੋਂ ਬਾਅਦ ਰਸੂਲਪੁਰ ਕਲਰ ਨੂੰ ਗੋਦ ਲੈਣ ਦੀ ਕਹੀ ਸੀ ਗੱਲ

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਜੌੜਾ ਫਾਟਕ ਰੇਲ ਹਾਦਸੇ ਤੋਂ ਬਾਅਦ ਰਸੂਲਪੁਰ ਕਲਰ ਖੇਤਰ ਨੂੰ ਗੋਦ ਲੈਣ ਦੀ ਗੱਲ ਕਹੀ ਸੀ। ਇਸ ਖੇਤਰ ਦੇ ਕਈ ਲੋਕ ਰੇਲ ਹਾਦਸੇ ਵਿਚ ਮਾਰੇ ਗਏ । ਨਵਜੋਤ ਸਿੱਧੂ ਨੇ ਇੱਥੋਂ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਗੱਲ਼ ਕਹੀ ਸੀ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਇਹਨਾਂ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ।