ਪੂਰੇ ਪੰਜਾਬ ‘ਚ ਪਨਬੱਸ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਚੱਕਾ ਜਾਮ, ਫੂਕਿਆ ਪੁਤਲਾ

ਏਜੰਸੀ

ਖ਼ਬਰਾਂ, ਪੰਜਾਬ

ਪਨਬਸ ਵਰਕਰ ਯੂਨੀਅਨ ਵੱਲੋਂ ਕੀਤੀ ਤਿੰਨ ਰੋਜ਼ਾਂ ਹੜਤਾਲ ਅੱਜ ਸ਼ੁਰੂ ਹੋ ਗਈ ਹੈ...

Punbus Employees

ਚੰਡੀਗੜ੍ਹ: ਪਨਬਸ ਵਰਕਰ ਯੂਨੀਅਨ ਵੱਲੋਂ ਕੀਤੀ ਤਿੰਨ ਰੋਜ਼ਾਂ ਹੜਤਾਲ ਅੱਜ ਸ਼ੁਰੂ ਹੋ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੇ ਵਰਕਰਾਂ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਅਤੇ ਟਰਾਂਸਪੋਰਟ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ। ਸਬ-ਡਵੀਜ਼ਨ ਡੀਪੂ ਪੱਟੀ ਦੇ ਮੁਲਾਜ਼ਮਾਂ ਨੇ ਅੱਜ ਪੰਜਾਬ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਰੋਸ ਮਾਰਚ ਕਰਦੇ ਹੋਏ ਪੱਟੀ ਦੇ ਬੱਸ ਅੱਡੇ ਅੱਗੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੁਕਿਆ ਗਿਆ।

ਇਸ ਮੌਕੇ ਚੇਅਰਮੈਨ ਸਲਵਿੰਦਰ ਸਿੰਘ ਨੇ ਕਿਹਾ ਇਕ ਪਾਸੇ ਤਾਂ ਸਰਕਾਰ ਨੋਜਵਾਨਾਂ ਨੂੰ ਰੁਜਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਪਰ ਆਪਣੇ ਪੁਰਾਣੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਤੋਂ ਵੀ ਭੱਜ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਇਸ ਤਰ੍ਹਾਂ ਪ੍ਰਦਰਸ਼ਨ ਕਰਕੇ ਮੰਗਾਂ ਮਨਵਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਪ੍ਰੈਸ ਸਕੱਤਰ ਗੁਰਮੇਲ ਸਿੰਘ ਵੀਰਮ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ 28 ਜੂਨ ਨੂੰ ਪੁਤਲੇ ਫੂਕਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਪਰ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਤੋਂ ਬਾਅਦ ਅੱਜ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋ ਗਏ ਹਨ।

ਗੁਰਮੇਲ ਸਿੰਘ ਨੇ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਬਰਾਬਰ ਕੰਮ, ਬਰਾਬਰ ਤਨਖਾਹ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਜ਼ਿਕਰਯੋਗ ਹੈ ਕਿ ਪਨਬਸ ਵਰਕਰਜ਼ ਯੂਨੀਅਨ ਵੱਲੋਂ ਮੰਗਲਵਾਰ ਤੋਂ ਤਿੰਨ ਰੋਜ਼ਾਂ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਯੂਨੀਅਨ ਦੇਂ ਮੈਬਰਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਸੀ।

ਜਿਸ ਕਾਰਨ ਉਨ੍ਹਾਂ ਨੇ ਮੰਗਲਵਾਰ ਤੋਂ ਸੰਘਰਸ਼ ਦੇ ਰਸਤੇ ‘ਤੇ ਚੱਲਣ ਦਾ ਫੈਸਲਾ ਕਰ ਲਿਆ ਸੀ। ਇਸ ਮੌਕੇ ਅਵਤਾਰ ਸਿੰਘ ਸਹਾਇਕ ਸੈਂਟਰ, ਸਰਪ੍ਰਸਤ ਦਿਲਬਾਗ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ ਗਿੱਲ, ਸੁਖਜੀਤ ਸਿੰਘ, ਵਜੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।