ਸੰਗਰੂਰ ਜ਼ਿਲ੍ਹੇ ਦੀ ਚੌਲ ਪ੍ਰਾਸੈਸ ਕੰਪਨੀ ਪਾਣੀ ਨੂੰ ਕਰ ਰਹੀ ਹੈ ਦੂਸ਼ਿਤ : ਪਿੰਡ ਵਾਸੀ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਬੱਬਨਪੁਰ ਤੇ ਭਸੌੜ ਦੇ ਨਿਵਾਸੀਆਂ ਨੇ ਦੋਸ਼ ਲਾਇਆ ਹੈ...

KRBL Limited

ਸੰਗਰੂਰ: ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਬੱਬਨਪੁਰ ਤੇ ਭਸੌੜ ਦੇ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਲੱਗੀ ਬਾਸਮਤੀ ਚੌਲ਼ ਪ੍ਰਾਸੈੱਸ ਕਰਨ ਵਾਲੀ ਕੰਪਨੀ ‘ਕੇਆਰਬੀਐੱਲ ਲਿਮਿਟੇਡ’ ਦੀ ਉਦਯੋਗਿਕ ਇਕਾਈ ਧਰਤੀ ਹੇਠਲੇ ਪਾਣੀ ਨੂੰ ਵੱਡੇ ਪੱਧਰ ਉੱਤੇ ਗੰਦਾ ਕਰ ਰਹੀ ਹੈ; ਜਿਸ ਕਾਰਨ ਕੈਂਸਰ ਤੇ ਹੈਪੇਟਾਇਟਿਸ ਜਿਹੇ ਖ਼ਤਰਨਾਕ ਰੋਗ ਆਮ ਲੋਕਾਂ ਨੂੰ ਹੋਣ ਲੱਗ ਪਏ ਹਨ। ਸਥਾਨਕ ਪ੍ਰਸ਼ਾਸਨ ਪਹਿਲਾਂ ਇੱਥੋਂ ਦੇ ਧਰਤੀ ਹੇਠਲੇ ਪਾਣੀ ਦੇ ਸੈਂਪਲ ਟੈਸਟ ਕਰਵਾ ਚੁੱਕਾ ਹੈ।

ਇਹ ਸੈਂਪਲ ਕਿਸਾਨਾਂ ਦੇ ਟਿਊਬਵੈੱਲਾਂ ਤੇ ਕੇਆਰਬੀਐੱਲ ਭਸੌੜ ਦੀ ਟ੍ਰੀਟੇਡ ਜਲ-ਨਿਕਾਸ ਪ੍ਰਣਾਲੀ ਤੋਂ ਲਏ ਗਏ ਸਨ ਤੇ ਉਹ ਸਾਰੇ ਕੁਆਲਿਟੀ–ਟੈਸਟ ’ਚੋਂ ਫ਼ੇਲ੍ਹ ਹੋਏ ਸਨ। ਇਹ ਸਾਰੇ ਸੈਂਪਲ ਮੋਹਾਲੀ ਸਥਿਤ ਪੰਜਾਬ ਸਰਕਾਰ ਦੀ ਲੈਬਾਰੇਟਰੀ ‘ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ’ ਵਿੱਚ ਟੈਸਟ ਕੀਤੇ ਗਏ ਸਨ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਉਹ ਰਿਪੋਰਟ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਸੇ ਲਈ ਹੁਣ ਬੋਰਡ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਨੂੰ ਇਸ ਸਾਰੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

ਇਸ ਤੋਂ ਪਹਿਲਾਂ ਧੂਰੀ ਇਲਾਕੇ ਦੇ ਕਿਸਾਨ ਇਸੇ ਮੁੱਦੇ ਨੂੰ ਲੈ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਡੀਸੀ ਘਣਸ਼ਿਆਮ ਥੋੜੀ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਚੁੱਕੇ ਹਨ। ਉਸ ਤੋਂ ਬਾਅਦ ਡੀਸੀ ਨੇ ਧੂਰੀ ਦੇ ਐੱਸਡੀਐੱਮ ਨੂੰ ਪਾਣੀ ਦੇ ਸੈਂਪਲ ਇਕੱਠੇ ਕਰਨ ਲਈ ਆਖਿਆ ਸੀ। ਇਸ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰੀ ਸਤਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਇਲਾਕੇ ਦਾ ਦੌਰਾ ਕਰ ਕੇ ਸੈਂਪਲ ਇਕੱਠੇ ਕਰ ਲਏ ਹਨ। ਉਹ ਇਸ ਦੀ ਰਿਪੋਰਟ ਇੱਕ ਮਹੀਨੇ ਅੰਦਰ ਤਿਆਰ ਕਰ ਲੈਣਗੇ।