ਪੰਜਾਬ ਸਰਕਾਰ ਨੇ ਲਿਆਂਦੀ ਖੁਸ਼ਹਾਲੀ, ਬੰਜਰ ਜ਼ਮੀਨ ਦੀ ਕੁੱਖ 'ਚੋਂ ਨਿਕਲੀ ਹਰਿਆਲੀ
ਪੰਜਾਬ ਸਰਕਾਰ ਵਲੋਂ ਜਿੱਥੇ ਕੰਢੀ ਇਲਾਕੇ ਵਿਚ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਕੰਢੀ ਕੈਨਾਲ ਦਾ ਨਿਰਮਾਣ ਕਰਵਾਇਆ ਗਿਆ ਹੈ.............
ਹੁਸ਼ਿਆਰਪੁਰ/ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਜਿੱਥੇ ਕੰਢੀ ਇਲਾਕੇ ਵਿਚ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਕੰਢੀ ਕੈਨਾਲ ਦਾ ਨਿਰਮਾਣ ਕਰਵਾਇਆ ਗਿਆ ਹੈ, ਉਥੇ ਸਰਕਾਰ ਵਲੋਂ ਪਿੰਡ ਜੁਗਿਆਲ ਵਿਖੇ ਲਗਾਇਆ ਪੰਜਾਬ ਦਾ ਪਹਿਲਾ ਸੋਲਰ ਲਿਫ਼ਟ ਇਰੀਗੇਸ਼ਨ ਪ੍ਰਾਜੈਕਟ ਕੰਢੀ ਖੇਤਰ ਦੀਆਂ ਜ਼ਮੀਨਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਅਤੇ ਇਸ ਪ੍ਰਾਜੈਕਟ ਨਾਲ ਕੰਢੀ ਇਲਾਕੇ ਵਿਚ ਹਰਿਆਲੀ ਪਰਤ ਆਈ ਹੈ। ਪ੍ਰਾਜੈਕਟ ਰਾਹੀਂ ਕਿਸਾਨ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਨੂੰ ਤਰਜ਼ੀਹ ਦੇ ਕੇ ਅਪਣੀ ਆਮਦਨ ਵਿਚ ਹੋਰ ਵਾਧਾ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 40.93 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਸੋਲਰ ਲਿਫ਼ਟ ਇਰੀਗੇਸ਼ਨ ਪ੍ਰਾਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫ਼ਟ ਐਂਡ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ) ਰਾਹੀਂ ਤਲਵਾੜਾ ਅਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਪ੍ਰਾਜੈਕਟ ਨਾਲ ਉਕਤ ਕਿਸਾਨਾਂ ਦੀਆਂ ਉਚੀਆਂ ਜ਼ਮੀਨਾਂ 'ਤੇ ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ,
ਜਿਸ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਨਾਲ ਕਿਸਾਨ ਰਵਾਇਤੀ ਦੀ ਥਾਂ ਬਦਲਵੀਂ ਖੇਤੀ ਨੂੰ ਉਤਸ਼ਾਹਤ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪ੍ਰਾਜੈਕਟ ਦੀ ਸਮਰੱਥਾ ਕੰਢੀ ਕੈਨਾਲ ਰਾਹੀਂ ਰੋਜ਼ਾਨਾ 15.7 ਕਿਊਸਿਕ ਪਾਣੀ ਡ੍ਰਿਪ ਟੈਕਨਾਲੋਜੀ ਨਾਲ ਲਿਫ਼ਟ ਕਰ ਕੇ ਖੇਤਾਂ ਵਿਚ ਪਹੁੰਚਾਉਣਾ ਹੈ। ਉਨ੍ਹਾਂ ਦਸਿਆ ਕਿ ਸਿੰਚਾਈ ਲਈ 14 ਪਿੰਡਾਂ ਨੂੰ ਲੋੜ ਮੁਤਾਬਕ 100 ਫ਼ੀ ਸਦੀ ਤੁਪਕਾ ਤੇ ਫੁਹਾਰਾ ਸਿਸਟਮ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸੋਲਰ ਪੈਨਲ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਜਨਰੇਟ ਕੀਤੀ ਜਾ ਸਕਦੀ ਹੈ।
ਉਨ੍ਹਾਂ ਦਸਿਆ ਕੰਢੀ ਖੇਤਰ ਦੇ ਜੋ ਕਿਸਾਨ ਪਾਣੀ ਦੀ ਕਿੱਲਤ ਕਾਰਨ ਨਿਰਾਸ਼ ਸਨ, ਉਹ ਇਸ ਪ੍ਰਾਜੈਕਟ ਕਾਰਨ ਹਲਦੀ, ਅਦਰਕ, ਸਰੋਂ, ਬਾਗ, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਆਦਿ ਦੀ ਖੇਤੀ ਕਰ ਕੇ ਖੁਸ਼ਹਾਲ ਤੇ ਉਨਤ ਖੇਤੀ ਵਲ ਤੁਰ ਪਏ ਹਨ। ਉਨ੍ਹਾਂ ਦਸਿਆ ਕਿ ਉਕਤ ਖੇਤੀ ਲਈ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ।
ਐਸ.ਡੀ.ਓ. ਤਲਵਾੜਾ ਸ਼੍ਰੀ ਕੇਸ਼ਵ ਕੁਮਾਰ ਨੇ ਦਸਿਆ ਕਿ ਉਹ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤਕ ਕੰਢੀ ਖੇਤਰ ਦੇ ਕਿਸਾਨਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਭੂਮੀ ਰਖਿਆ ਤੇ ਜਲ ਸੰਭਾਲ ਵਿਭਾਗ ਵਲੋਂ ਤਿੰਨ ਏਕੜ ਵਿਚ ਡੈਮੋ ਪਲਾਟ (ਪ੍ਰਦਰਸ਼ਨੀਆਂ) ਵੀ ਲਗਾਏ ਗਏ ਹਨ, ਜਿਸ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਹੜੀ ਸਬਜ਼ੀ ਨੂੰ ਤੁਪਕਾ ਸਿੰਚਾਈ ਸਿਸਟਮ ਦੀ ਲੋੜ ਹੈ।