ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ 'ਤੇ ਮਿਹਰਬਾਨ ਹੋਈ ਸਰਕਾਰ, ਨਵੀਂ ਸਕੀਮ ਦਾ ਕੀਤਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਾਇਕ ਧੰਦੇ ਵਜੋਂ ਕਾਰਖ਼ਾਨੇ ਲਾਉਣ ਵਾਲਿਆਂ ਨੂੰ ਵਿਆਜ 'ਤੇ ਮਿਲੇਗੀ 3 ਫ਼ੀ ਸਦੀ ਤਕ ਸਬਸਿਡੀ

allied occupations

ਚੰਡੀਗੜ੍ਹ : ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਕਿਸਾਨਾਂ ਦੀ ਦਿਨੋਂ-ਦਿਨ ਨਿਘਰ ਰਹੀ ਮਾਇਕੀ ਹਾਲਤ ਨੂੰ ਵੇਖਦਿਆਂ ਖੇਤੀ ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਨੂੰ ਸਹਾਇਕ ਧੰਦਿਆਂ ਵੱਲ ਮੋੜਣ ਲਈ ਉਪਰਾਲੇ ਕਰਨੇ ਸ਼ੁਰੂ ਕੀਤੇ ਹੋਏ ਹਨ। ਇਸੇ ਤਹਿਤ ਪੰਜਾਬ ਸਰਕਾਰ ਨੇ ਸਹਾਇਕ ਕਿੱਤੇ ਸ਼ੁਰੂ ਕਰਨ ਵਾਲੇ ਕਿਸਾਨਾਂ ਲਈ ਅਹਿਮ ਐਲਾਨ ਕਰਦਿਆਂ ਦੁੱਧ, ਮੀਟ ਤੇ ਪਸ਼ੂ ਆਹਾਰ ਦੇ ਕਾਰਖਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ 'ਤੇ 3 ਫ਼ੀਸਦੀ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਦ੍ਰਿੜ੍ਹ ਸੰਕਲਪ ਹੈ। ਇਸ ਲਈ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦੁੱਧ ਪਦਾਰਥ, ਮੀਟ, ਕੈਟਲ ਫੀਡ ਦੀ ਕੁਆਲਟੀ ਵਧਾਉਣ, ਸਾਂਭ-ਸੰਭਾਲ ਤੇ ਵਧੀਆ ਮੰਡੀਕਰਨ ਲਈ ਨਵੇਂ ਉੱਦਮੀਆਂ, ਕੰਪਨੀਆਂ ਤੇ ਕਿਸਾਨ ਉਤਪਾਦਕ ਸੰਸਥਾਂਵਾਂ ਲਈ ਨਵੀਂ ਸਕੀਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਦੁੱਧ ਤੋਂ ਦੁੱਧ ਪਦਾਰਥ, ਮੀਟ, ਕੈਟਲ ਫੀਡ ਤੇ ਸਾਈਲੇਜ਼ ਦੇ ਕਾਰਖਾਨੇ/ਪਲਾਂਟ ਲਾਉਣ ਲਈ ਵਿਆਜ਼ ਦਰ 'ਤੇ 3 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਸਕੀਮ ਅਧੀਨ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਹ ਸਕੀਮ ਤਿੰਨ ਸਾਲ ਲਈ ਚਾਲੂ ਰਹੇਗੀ।

ਉਨ੍ਹਾਂ ਕਿਹਾ ਕਿ ਇਹ ਆਮ ਦੇਖਿਆ ਗਿਆ ਹੈ ਕਿ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੀਆ ਉਪਜ ਤਾਂ ਲੈ ਰਹੇ ਹਨ, ਪਰ ਇਨ੍ਹਾਂ ਤੋਂ ਉਤਪਾਦ ਤਿਆਰ ਕਰਨਾ, ਉੁਨ੍ਹਾਂ ਦੀ ਵਧੀਆ ਸਾਂਭ ਸੰਭਾਲ ਤੇ ਮਿਆਰੀ ਮੰਡੀਕਰਨ ਦੀ ਵਧੇਰੇ ਲੋੜ ਹੈ ਤਾਂ ਜੋ ਕੁਆਲਟੀ ਦੇ ਉਤਪਾਦ ਖਪਤਕਾਰ ਤਕ ਪਹੁੰਚਾਏ ਜਾ ਸਕਣ। ਉਨ੍ਹਾਂ ਦਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਵਿਚ ਉਦਯੋਗ ਸਥਾਪਤ ਹੋਣਗੇ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਖਪਤਕਾਰਾਂ ਨੂੰ ਸੂਬੇ ਵਿਚ ਹੀ ਤਿਆਰ ਕੀਤੇ ਹੋਏ ਕੁਆਲਟੀ ਪਦਾਰਥ ਮਿਲ ਸਕਣਗੇ।

ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲਣ ਕਰਕੇ ਹੁਣ ਸ਼ੁੱਧ ਘਿਓ ਤੇ ਪਾਊਡਰ ਬਣਾਉਣ ਦੇ ਕਾਰਖਾਨਿਆਂ ਤੋਂ ਵਧੇਰੇ ਵੱਖ ਵੱਖ ਤਰ੍ਹਾਂ ਦੇ ਪਨੀਰ, ਚੀਜ਼, ਯੋਗਹਰਟ, ਸੁਗੰਧਤ ਦੁੱਧ, ਆਈਸਕਰੀਮ ਤੇ ਸਿਹਤ ਵਧਾਉਣ ਵਾਲੇ ਪਦਾਰਥਾਂ ਦੀ ਮੰਗ ਵਧ ਰਹੀ ਹੈ। ਇਸੇ ਤਰ੍ਹਾਂ ਮੀਟ ਤੋਂ ਮੀਟ ਦੇ ਵੱਖ ਵੱਖ ਉਤਪਾਦ ਬਣਾ ਕੇ ਵਧਦੀ ਆਬਾਦੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਕੀਮ ਦੇ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਲਈ ਹਦਾਇਤਾਂ ਵੀ ਦਿਤੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।