ਫਾਜ਼ਿਲਕਾ 'ਚ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬੇ ਪ੍ਰਵਾਰ ਦੇ 3 ਮੈਂਬਰ
ਆਵਾਜ਼ ਸੁਣ ਕੇ ਗੁਆਂਢੀਆਂ ਨੇ ਮਲਬੇ 'ਚੋਂ ਕੱਢਿਆ ਬਾਹਰ, ਬੱਚੀ ਦੀ ਹਾਲਤ ਗੰਭੀਰ
ਫਾਜ਼ਿਲਕਾ: ਫਾਜ਼ਿਲਕਾ ਦੇ ਰਾਧਾ ਸੁਆਮੀ ਕਾਲੋਨੀ ਦੀ ਗਲੀ ਨੰਬਰ 9 ਵਿਚ ਇਕ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਅੰਦਰ ਸੁੱਤੇ ਪਏ ਪਰਿਵਾਰ ਦੇ 3 ਮੈਂਬਰ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੋਂ ਇਕ ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿਤਾ ਗਿਆ।
ਇਹ ਵੀ ਪੜ੍ਹੋ: ਰਾਜਸਥਾਨ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਬੱਚੇ ਦੀ ਮੌਤ
ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਨੇ ਦਸਿਆ ਕਿ ਇਹ ਹਾਦਸਾ ਅੱਜ ਸਵੇਰੇ 6:30 ਵਜੇ ਵਾਪਰਿਆ। ਉਨ੍ਹਾਂ ਦਸਿਆ ਕਿ ਘਰ ਦੇ ਅੰਦਰ ਪਰਿਵਾਰ ਦੇ 3 ਮੈਂਬਰ ਸੁੱਤੇ ਹੋਏ ਸਨ। ਇਸ ਦੌਰਾਨ ਉਨ੍ਹਾ ਨੂੰ ਅਚਾਨਕ ਉੱਚੀ ਆਵਾਜ਼ ਸੁਣਾਈ ਦਿਤੀ। ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਸਾਗਰ ਕੁਮਾਰ ਦੇ ਘਰ ਦੀ ਛੱਤ ਡਿੱਗੀ ਹੋਈ ਸੀ। ਸਾਗਰ ਕੁਮਾਰ, ਉਸ ਦੀ ਪਤਨੀ ਸਕੀਨਾ ਅਤੇ ਛੋਟੀ ਬੱਚੀ ਮਲਬੇ ਹੇਠ ਦੱਬ ਗਏ।
ਇਹ ਵੀ ਪੜ੍ਹੋ: ਫਗਵਾੜਾ ਤੋਂ ਵੱਡੀ ਖ਼ਬਰ, ਪਿਤਾ ਨੇ ਪ੍ਰਵਾਰ ਦੇ 5 ਮੈਂਬਰਾਂ ਨੂੰ ਦਿਤਾ ਜ਼ਹਿਰ
ਜਿਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਬੱਚੀ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿਤਾ। ਜਦਕਿ ਸਾਗਰ ਅਤੇ ਸਕੀਨਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜ਼ੇਰੇ ਇਲਾਜ ਹਨ। ਦੂਜੇ ਪਾਸੇ ਵਾਰਡ ਦੇ ਐਮਸੀ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇ।