ਪੰਜਾਬ 'ਚ ਅਫ਼ੀਮ ਦੀ ਖੇਤੀ ਨੂੰ ਹਾਈ ਕੋਰਟ ਵਲੋਂ ਕੋਰੀ ਨਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਕਿਹਾ - ਪਹਿਲਾਂ ਹੀ ਨਸ਼ਿਆਂ ਦੀ ਹੱਦ ਹੋ ਚੁੱਕੀ ਹੈ, ਹੋਰ ਕਿਸੇ ਕਿਸਮ ਦੇ ਨਸ਼ੇ ਦੀ ਤਾਂ ਵਕਾਲਤ ਨਾ ਕਰੋ

Opium Cultivation

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਨਸ਼ਿਆਂ ਦੀ ਵਧਦੀ ਜਾ ਰਹੀ ਵਰਤੋਂ ਤੋਂ ਚਿੰਤਤ ਬਹੁਤ ਸਾਰੇ ਲੋਕ ਅਕਸਰ ਆਰਗੈਨਿਸ ਨਸ਼ਿਆਂ ਦੀ ਹਮਾਇਤ ਕਰਦੇ ਆ ਰਹੇ ਹਨ। ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਰਹੇ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਵੀ ਕਈ ਲੋਕ ਅਕਸਰ ਪੰਜਾਬ ਵਿਚ ਅਫ਼ੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ। ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਹੁਣ ਤਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ।

ਹੁਣ ਇਕ ਜਨਹਿਤ ਪਟੀਸ਼ਨ ਦੇ ਰੂਪ ਵਿਚ ਇਹ ਮਾਮਲਾ ਜਦੋਂ ਹਾਈ ਕੋਰਟ ਪੁੱਜਾ ਤਾਂ ਹਾਈ ਕੋਰਟ ਨੇ ਵੀ ਇਸ ਉੱਤੇ ਕੋਈ ਹੁੰਗਾਰਾ ਨਹੀਂ ਭਰਿਆ। ਹਾਈ ਕੋਰਟ ਨੇ ਪੰਜਾਬ ਵਿਚ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਬਹੁਤਾਤ 'ਚ ਵਰਤੋਂ ਹੋ ਰਹੀ ਹੋਣ ਦਾ ਹਵਾਲਾ ਦਿੰਦਿਆਂ ਪਟੀਸ਼ਨਰ ਸੰਸਥਾ ਨੂੰ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਦੀ ਹੱਦ ਹੋ ਚੁੱਕੀ ਹੈ, ਸੋ ਇਕ ਕਰ ਕੇ ਘੱਟੋ-ਘੱਟ ਅਜਿਹੀ ਸਥਿਤੀ ਵਿਚ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਤਾਂ ਵਕਾਲਤ ਨਾ ਕਰੋ।

ਹਾਲਾਂਕਿ ਹਾਈ ਕੋਰਟ ਦੇ ਬੈਂਚ ਨੇ ਇਹ ਗੱਲ ਜ਼ੁਬਾਨੀ ਤੌਰ 'ਤੇ ਕਹਿ ਹੈ, ਪਰ ਨਾਲ ਹੀ ਪਟੀਸ਼ਨਰ ਸੰਸਥਾ ਨੂੰ ਤਾੜਨਾ ਵੀ ਕੀਤੀ ਗਈ ਹੈ ਕਿ ਜਾਂ ਤਾਂ ਪਟੀਸ਼ਨ ਵਾਪਸ ਲੈ ਲਈ ਜਾਵੇ, ਨਹੀਂ ਤਾਂ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ, ਜਿਸ ਮਗਰੋਂ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸੀ ਜਾਂਦੀ ਇਸ ਗ਼ੈਰ-ਸਰਕਾਰੀ ਸੰਸਥਾ ਵੱਲੋਂ ਦਾਇਰ ਕੀਤੀ ਇਹ ਪਟੀਸ਼ਨ ਸ਼ਿਖ਼ਰਲੇ ਬੈਂਚ ਨੇ ਵਾਪਸ ਲੈ ਲਈ ਗਈ ਹੋਣ ਵਜੋਂ ਖਾਰਜ ਕਰ ਦਿਤੀ ਹੈ।