ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਗ੍ਰਾਮ ਸਭਾ 'ਚ ਭਗਵੰਤ ਮਾਨ ਨੇ ਕੀਤੀ ਸ਼ਮੂਲੀਅਤ
ਖੇਤੀ ਵਿਰੋਧੀ ਕਾਨੂੰਨਾਂ ਨੂੰ ਗ੍ਰਾਮ ਸਭਾਵਾਂ ਰਾਹੀਂ ਰੱਦ ਕਰਨ ਦੀ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਬਰਨਾਲਾ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਮੁਹਿੰਮ ਤੇਜ਼ ਹੋ ਗਈ ਹੈ। ਇਸ ਦੇ ਚਲਦਿਆਂ ਵੱਖ-ਵੱਖ ਪਿੰਡਾਂ ਦੀਆਂ ਗਰਾਮ ਸਭਾਵਾਂ ਵੱਲੋਂ ਖੇਤੀ ਕਾਨੂੰਨ ਖ਼ਿਲਾਫ਼ ਮਤੇ ਪਾਉਣ ਦਾ ਦੌਰ ਤੇਜ਼ੀ ਨਾਲ ਸ਼ੁਰੂ ਹੋ ਰਿਹਾ ਹੈ। ਇਸੇ ਲੜੀ ਵਿਚ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ਹੈ।
ਇਸ ਗ੍ਰਾਮ ਸਭਾ ਵਿਚ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਬਰਨਾਲਾ ਮੀਤ ਹੇਅਰ ਆਪਣੇ ਸਾਥੀਆਂ ਸਮੇਤ ਇਸ ਸਭਾ 'ਚ ਸ਼ਾਮਲ ਹੋਏ।
ਦੱਸ ਦਈਏ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਗ੍ਰਾਮ ਸਭਾਵਾਂ ਰਾਹੀਂ ਰੱਦ ਕਰਨ ਦੀ ਮੁਹਿੰਮ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀਤੇ ਦਿਨੀਂ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਨੂੰ ਲੋਕਤੰਤਰ ਦੀਆਂ ਜੜਾਂ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਲੋਕਤੰਤਰੀ ਵਿਵਸਥਾ ਦਾ ਗਲ਼ਾ ਘੁੱਟ ਕੇ ਦੇਸ਼ ਖ਼ਾਸ ਕਰਕੇ ਕਿਸਾਨਾਂ ‘ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਕਾਰਗਰ ਹਥਿਆਰ ਸਾਬਤ ਹੋ ਸਕਦੇ ਹਨ।