'ਸੁਖਬੀਰ ਸਿੰਘ ਬਾਦਲ' ਅਸਤੀਫ਼ਾ ਦੇਣ ਬਾਰੇ ਬੋਲ ਰਹੇ ਨੇ ਝੂਠ : ਦਰਸ਼ਨ ਬਰਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਉਤੇ ਨਿਸ਼ਾਨਾ ਸਾਧਦੇ ਹੋਏ...

Darshan Singh Brar

ਬਾਘਾ ਪੁਰਾਣਾ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਉਤੇ ਨਿਸ਼ਾਨਾ ਸਾਧਦੇ ਹੋਏ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਤੋਂ ਅਸਤੀਫਾ ਦੇਣ ਦੀ ਬਜਾਏ ਸਿਰਫ ਇਕ ਨਾਟਕਬਾਜ਼ੀ ਖੇਡ ਰਿਹਾ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਲੋਕਪ੍ਰਿਯਤਾ ਅਤੇ ਪਾਰਟੀ ਦੀ ਲੀਡਰਸ਼ਿਪ ਵਿਚ ਹੋਂਦ ਖਤਮ ਹੋ ਚੁੱਕੀ ਹੈ, ਜਿਸ ਕਰਕੇ ਸੁਖਬੀਰ ਨੂੰ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ।

ਵਿਧਾਇਕ ਬਰਾੜ ਨੇ ਕਿਹਾ ਕਿ ਬਾਦਲ ਮਜੀਠੀਆ ਨੇ ਪਿਛਲੇ 10 ਸਾਲ ਸੱਤਾ ਦੇ ਨਸ਼ੇ ਵਿਚ ਜਿਥੇ ਪੰਜਾਬ ਦੀ ਕਿਸਾਨੀ, ਵਪਾਰ, ਉਦਯੋਗ ਨੂੰ ਡੋਬ ਦਿੱਤਾ ਸੀ, ਉੱਥੇ ਚਿੱਟਾ ਅਤੇ ਹੋਰ ਨਸ਼ਿਆਂ ਨਾਲ ਪੰਜਾਬ ਦੇ ਨੌਜਵਾਨਾਂ ਦੇ ਘਰ ਉੱਜੜ ਗਏ ਸਨ ਪਰ ਬਾਦਲਾਂ ਨੇ ਕੋਈ ਚਿੰਤਾ ਨਹੀਂ ਕੀਤੀ ਸਗੋਂ ਵਿਰੋਧ ਕਰਨ ਵਾਲਿਆਂ  ਨੂੰ ਸੈਂਕੜੇ ਪਰਚੇ ਦਰਜ ਕਰ ਕੇ ਜੇਲਾਂ ਅੰਦਰ ਡੱਕ ਦਿਤਾ ਸੀ। ਸਾਬਕਾ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਅਹੁਦਿਆਂ ਦਾ ਭੁੱਖਾ ਹੈ ਇਹ ਉਹ ਲੋਕ ਹਨ ਜਿਨ੍ਹਾਂ ਨੇ ਮੁੱਖ-ਮੰਤਰੀ, ਉਪ ਮੁੱਖ-ਮੰਤਰੀ, ਕੈਬਨਿਟ ਮੰਤਰੀ ਪੰਜਾਬ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਵਿਚ ਵੀ ਆਪਣੇ ਪਰਿਵਾਰ ਲਈ ਅਹੁਦਾ ਲਿਆ ਸੀ।

ਪਰ ਕਿਸੇ ਹੋਰ ਸੀਨੀਅਰ ਟਕਸਾਲੀ ਬਜ਼ੁਰਗ ਅਕਾਲੀ ਆਗੂ ਨੂੰ ਕੋਈ ਅਹੁਦਾ ਨਹੀਂ ਦਿਤਾ। ਸਾਬਕਾ ਮੰਤਰੀ ਅਤੇ ਵਿਧਾਇਕ ਨੇ ਕਿਹਾ ਕਿ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਬਾਦਲ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ, ਕਿਉਂਕਿ ਵਾਪਰੀ ਘਟਨਾ ਦੇ ਮੌਕੇ 'ਤੇ ਗ੍ਰਹਿ ਮੰਤਰੀ ਬਾਦਲ ਨੇ ਜਾਣ ਦੀ ਵੀ ਹਿੰਮਤ ਨਹੀਂ ਕੀਤੀ, ਜਿਸ ਕਰਕੇ ਲੋਕਾਂ ਵਿਚ ਹੋਰ ਵੀ ਉਨ੍ਹਾਂ  ਪ੍ਰਤੀ ਰੋਸ ਵਧ ਗਿਆ। ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵਿਕਾਸ ਅਮਨ-ਸ਼ਾਂਤੀ ਬਹਾਲ ਰੱਖਣ  ਲਈ ਹਰ ਵੇਲੇ  ਯਤਨਸ਼ੀਲ ਹੈ।

ਇਸ ਮੌਕੇ  ਨਰ ਸਿੰਘ ਬਰਾੜ, ਬਿੱਟੂ ਮਿੱਤਲ, ਸੁਰਿੰਦਰ ਸ਼ਿੰਦਾ, ਸੋਨੀ ਘੋਲੀਆ, ਵਿੱਕੀ ਸੁਖਾਨੰਦ, ਗੁਰਦੀਪ ਬਰਾੜ, ਪੰਨਾ ਸੰਘਾ, ਸਾਹਿਬਜੀਤ ਸਿੰਘ ਬਰਾੜ, ਜਗਤਾਰ ਸਿੰਘ ਵੈਰੋਕੇ, ਡਾ. ਦਵਿੰਦਰ ਗੋਗੀ ਗਿੱਲ, ਜਗਸੀਰ ਸਿੰਘ ਕਾਲੇਕੇ, ਰੂਪਾ ਫੂਲੇਵਾਲਾ, ਚਰਨਜੀਤ ਲੁਹਾਰਾ ਤੇ ਹੋਰ ਸ਼ਾਮਲ ਸਨ।