ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਮਲਣ ਵਾਲੇ ਅਕਾਲੀ ਆਗੂਆਂ ਨੂੰ ਅਦਾਲਤ ਨੇ ਕੀਤਾ ਰਿਹਾਅ
ਅਦਾਲਤ ਵੱਲੋਂ ਰਿਹਾਅ ਹੋਣ ਮਗਰੋਂ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਦੁਗਰੀ ਨੇ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਵੀ ਕੀਤਾ। ਇਸ ਰੋਡ ਸ਼ੋਅ ਦੌਰਾਨ....
ਚੰਡੀਗੜ੍ਹ : ਅਦਾਲਤ ਵੱਲੋਂ ਰਿਹਾਅ ਹੋਣ ਮਗਰੋਂ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਦੁਗਰੀ ਨੇ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਵੀ ਕੀਤਾ। ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ਼ ਮੱਲ੍ਹ ਕੇ ਕੰਮ ਹਾਲੇ ਛੋਟਾ ਕੀਤਾ ਹੈ। ਇਸ ਤਰ੍ਹਾਂ ਦੇ ਕੰਮ ਲਈ ਜੇਕਰ ਉਨ੍ਹਾਂ ਨੂੰ 50 ਵਾਰ ਜੇਲ੍ਹ ਵੀ ਜਾਣਾ ਪਿਆ ਤਾਂ ਉਹ ਜੇਲ੍ਹ ਜਾਣ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ 25 ਦਸੰਬਰ ਨੂੰ ਲੁਧਿਆਣਾ ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ਼ ਮੱਲ੍ਹਣ ਮਗਰੋਂ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ।
ਨਵੰਬਰ 1984 ਸਿੱਖ ਕਤਲੇਆਮ ਦੇ ਮਾਮਲੇ ਨੂੰ ਲੈ ਕੇ ਦੋਵੇਂ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਸਿਖਰ ਲੀਡਰਾਂ ਨੇ 1984 ਚ ਸਿੱਖ ਕਤਲੇਆਮ ਕਰਵਾਇਆ ਜਿਸ ਲਈ ਸਿੱਖ ਭਾਈਚਾਰਾ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰ ਸਕਦਾ। ਇਸ ਮੌਕੇ ਸਾਥੀ ਮੀਤਪਾਲ ਦੁਗਰੀ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਤੇ ਹਿੰਦੂਆਂ ਵਿਚਾਲੇ ਪਾੜੇ ਪਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਿਚ ਸਫਲ ਨਹੀਂ ਹੋ ਸਕੇ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਨੂੰ ਹੁਣੇ ਜਿਹੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਜਿਸ ਤੋਂ ਇਹ ਸਾਫ ਪਤਾ ਚੱਲਦਾ ਹੈ ਕਿ ਕਾਂਗਰਸ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸਮਰਥਨ ਕਰਦੀ ਹੈ।