'ਰਾਜੀਵ ਗਾਂਧੀ ਦੀ ਤਖ਼ਤੀ 'ਤੇ ਕਾਲਖ਼ ਪੋਤਣਾ 84 ਪੀੜਤਾਂ ਦੀ ਦਿਲੀ ਹੂਕ'
ਨਵੰਬਰ 84 ਪੀੜਤਾਂ ਵਲੋਂ ਦਿੱਲੀ ਦੇ ਕਨਾਟ ਪੈਲੇਸ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ 'ਤੇ ਕਾਲਖ਼ ਪੋਤਣ ਤੇ ਜੁੱਤੀਆਂ......
ਨਵੀਂ ਦਿੱਲੀ : ਨਵੰਬਰ 84 ਪੀੜਤਾਂ ਵਲੋਂ ਦਿੱਲੀ ਦੇ ਕਨਾਟ ਪੈਲੇਸ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ 'ਤੇ ਕਾਲਖ਼ ਪੋਤਣ ਤੇ ਜੁੱਤੀਆਂ ਦਾ ਹਾਰ ਪਾਉਣ ਦੀ ਕਾਰਵਾਈ ਦੀ ਹਮਾਇਤ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਪੀੜਤਾਂ ਨਾਲ ਡੱਟ ਕੇ ਖੜਾ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਰਾਜੀਵ ਗਾਂਧੀ ਦੇ ਨਾਂਅ ਦੀ ਤਖ਼ਤੀ ਅਤੇ ਲੁਧਿਆਣਾ ਵਿਖੇ ਬੁੱਤ ਦਾ ਮੂੰਹ ਕਾਲਾ ਕਰਨ ਦੀ ਕਾਰਵਾਈ ਪੀੜਤਾਂ ਦੇ ਜਜ਼ਬਾਤ ਹਨ
ਜਿਸ ਦੀ ਕਿਸੇ ਵੀ ਤਰ੍ਹਾਂ ਨਿਖੇਧੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ, “ਰੱਬ ਦਾ ਸ਼ੁਕਰ ਹੈ ਕਿ ਪੀੜਤਾਂ ਨੇ ਸਿਰਫ਼ ਰਾਜੀਵ ਗਾਂਧੀ ਦੇ ਬੁੱਤ ਦਾ ਮੂੰਹ ਹੀ ਕਾਲਾ ਕੀਤਾ ਹੈ, ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਵਾਸਤੇ ਹਥਿਆਰ ਨਹੀਂ ਚੁਕੇ।'' ਉਨ੍ਹਾਂ ਕਿਹਾ ਕਿ ਕਾਂਗਰਸ ਇਹ ਰੌਲਾ ਪਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੀੜਤਾਂ ਦੀ ਇਸ ਕਾਰਵਾਈ ਦੀ ਹਮਾਇਤ ਕੀਤੀ ਜਾ ਰਹੀ ਹੈ, ਪਰ ਉਹ ਇਹ ਕਿਉਂ ਭੁੱਲ ਗਈ ਕਿ ਉਸ ਨੇ 84 ਦੇ ਕਾਤਲਾਂ ਨੂੰ ਬਚਾਇਆ ਹੈ?