ਆਸਮਾਨ 'ਚ ਉੱਡ ਰਹੇ ਪਤੰਗਾਂ ਦੀ ਡੋਰ ਨਾਲ ਕੱਟ ਸਕਦੀ ਹੈ ਜ਼ਿੰਦਗੀ ਦੀ ਡੋਰ!

ਏਜੰਸੀ

ਖ਼ਬਰਾਂ, ਪੰਜਾਬ

ਦੱਸ ਦਈਏ ਕਿ ਚਾਈਨੀਜ਼ ਅਤੇ ਪਲਾਸਟਿਕ ਡੋਰ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਵੀ ਹੋਵੇਗੀ

File Photo

ਜਲੰਧਰ- ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਪਤੰਗਾਂ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਲੋਕਾਂ ਅਤੇ ਬੇਜ਼ੁਬਾਨ ਪੰਛੀਆਂ ਲਈ ਖਤਰਨਾਕ ਸਾਬਤ ਹੋਣ ਵਾਲੀ ਪਲਾਸਟਿਕ ਡੋਰ ਖਿਲਾਫ਼ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾਵਾਂ ਨੇ ਮੁਹਿੰਮ ਚਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਚਾਈਨੀਜ਼ ਡੋਰ ਦੀ ਵਿਕਰ 'ਚ ਕੋਈ ਕਮੀ ਨਹੀਂ ਆਈ।

ਤੁਸੀਂ ਜਾਂ ਤੁਹਾਡੇ ਬੱਚੇ ਪਤੰਗ ਉਡਾ ਰਹੇ ਹੋ ਤਾਂ ਜ਼ਰਾ ਦੇਖ ਲਓ ਕਿ ਡੋਰ ਨੂੰ ਮਾਂਜਾ ਕਿਸ ਚੀਜ਼ ਦਾ ਲੱਗਾ ਹੈ। ਅਸਲ ਵਿਚ ਸ਼ਹਿਰ 'ਚ ਵਿਕ ਰਹੀ ਚਾਈਨੀਜ਼ ਡੋਰ ਨੂੰ ਮਜ਼ਬੂਤ ਬਣਾਉਣ ਲਈ ਮਾਂਜੇ 'ਚ ਧਾਤੂ ਦੇ ਛੋਟੇ-ਛੋਟੇ ਟੁਕੜੇ ਵਰਤੇ ਜਾਂਦੇ ਹਨ। ਇਹ ਡੋਰ ਬਿਜਲੀ ਦੀਆਂ ਤਾਰਾਂ ਵਿਚ ਉਲਝ ਕੇ ਕਰੰਟ ਦਾ ਝਟਕਾ ਦੇ ਸਕਦੀ ਹੈ, ਕਿਸੇ ਦੇ ਗਲੇ 'ਚ ਫਸ ਕੇ ਉਸ ਨੂੰ ਜ਼ਖ਼ਮੀ ਵੀ ਕਰ ਸਕਦੀ ਹੈ। 

ਕੁਝ ਦਿਨ ਪਹਿਲਾਂ ਗੁਰੂਨਾਨਕਪੁਰਾ, ਰੇਲਵੇ ਰੋਡ, ਹੁਸ਼ਿਆਰਪੁਰ ਰੋਡ ਦੇ ਕੋਲ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਵਿਚ ਲੋਕ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਮਾਈ ਹੀਰਾਂ ਗੇਟ ਕੋਲ ਪਤੰਗ ਦੀ ਡੋਰ ਮੋਟਰਸਾਈਕਲ ਸਵਾਰ ਦੇ ਗਲੇ ਵਿਚ ਉਲਝ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ। ਗਲੇ ਵਿਚ ਵੱਡੇ-ਵੱਡੇ ਕੱਟ ਲੱਗਣ ਦੇ ਬਾਵਜੂਦ ਖੁਸ਼ਕਿਸਮਤੀ ਨਾਲ ਉਸ ਦੀ ਜਾਨ ਬਚ ਗਈ।

ਇਸ ਬਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਪਤੰਗ ਅਤੇ ਡੋਰ ਜਲੰਧਰ, ਅੰਮ੍ਰਿਤਸਰ, ਬਰੇਲੀ ਵਿਚ ਹੀ ਬਣਦੀ ਸੀ, ਜੋ ਕਿ ਸਾਫਟ ਹੁੰਦੀ ਸੀ। ਹੁਣ ਇਸ ਕਾਰੋਬਾਰ ਵਿਚ ਚਾਈਨੀਜ਼ ਡੋਰ ਨੇ ਆਪਣੀ ਪਕੜ ਬਣਾ ਲਈ ਹੈ। ਚਾਈਨੀਜ਼ ਡੋਰ ਹਵਾ ਦੇ ਦਬਾਅ ਨੂੰ ਘੱਟ ਕਰ ਕੇ ਪਤੰਗ ਨੂੰ ਉਚਾਈ 'ਤੇ ਲੈ ਜਾਂਦੀ ਹੈ।
ਭਾਵੇਂ ਚਾਈਨੀਜ਼ ਡੋਰ ਵੇਚੇ ਜਾਣ 'ਤੇ ਪਾਬੰਦੀ ਹੈ ਅਤੇ ਪੁਲਸ ਵਲੋਂ ਵੀ ਸਮੇਂ-ਸਮੇਂ 'ਤੇ ਚਾਈਨੀਜ਼ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ 

ਪਰ ਫਿਰ ਵੀ ਲੋਕ ਪੈਸਾ ਕਮਾਉਣ ਦੇ ਚੱਕਰ ਵਿਚ ਬੱਚਿਆਂ, ਪੰਛੀਆਂ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਪ੍ਰਹੇਜ਼ ਨਹੀਂ ਕਰਦੇ। ਕਈ ਵਾਰ ਸਾਡੇ ਕੋਲ ਚਾਈਨੀਜ਼ ਡੋਰ ਨਾਲ ਉਂਗਲ ਵੱਢੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਸਨ ਪਰ ਜੇਕਰ ਇਸ ਨਾਲ ਕਿਸੇ ਦਾ ਗਲਾ ਵੱਢਿਆ ਜਾਵੇ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਗਰਦਨ 'ਚ ਕਈ ਅਹਿਮ ਹਿੱਸੇ ਹੁੰਦੇ ਹਨ ਜਿਵੇਂ ਖੂਨ ਦੀਆਂ ਜ਼ਰੂਰੀ ਨਸਾਂ, ਫੂਡ ਪਾਈਪ ਅਤੇ ਸਾਹ ਵਾਲੀ ਨਲੀ ਹੁੰਦੀ ਹੈ।

ਡੋਰ ਨਾਲ ਇਨ੍ਹਾਂ ਹਿੱਸਿਆਂ ਨੂੰ ਨੁਕਸਾਨ ਹੋ ਸਕਦਾ ਹੈ। ਦੱਸ ਦਈਏ ਕਿ ਚਾਈਨੀਜ਼ ਅਤੇ ਪਲਾਸਟਿਕ ਡੋਰ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਵੀ ਹੋਵੇਗੀ। ਜੇਕਰ ਕੋਈ ਚਾਈਨੀਜ਼, ਪਲਾਸਟਿਕ ਡੋਰ ਵੇਚਦਾ ਫੜਿਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਕਰ ਕੇ ਮੁਕੱਦਮਾ ਦਰਜ ਕੀਤਾ ਜਾਵੇਗਾ। ਲੋਕਾਂ ਨੂੰ ਖੁਦ ਵੀ ਇਸ ਮਾਮਲੇ 'ਚ ਜਾਗਰੂਕ ਹੋਣ ਦੀ ਲੋੜ ਹੈ।