ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹੈ ਤੇ...
ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹੈ ਤੇ ਸ਼੍ਰੋਮਣੀ ਕਮੇਟੀ ਅਪਣੇ ਜਥੇਦਾਰ ਦੀ ਵੀ ਨਹੀਂ ਸੁਣਦੀ: ਬਲਦੇਵ ਸਿੰਘ ਸਿਰਸਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਆਗੂ ਬਲਦੇਵ ਸਿੰਘ ਸਿਰਸਾ, ਅਜੀਤ ਸਿੰਘ ਬਾਠ, ਰਾਗੀ ਸੁਖਵਿੰਦਰ ਸਿੰਘ, ਇੰਦਰਮੋਹਣ ਸਿੰਘ ਲੁਧਿਆਣਾ, ਨਿਰਮਲ ਸਿੰਘ, ਜਲਵਿੰਦਰ ਸਿੰਘ ਭਗਣਾ, ਸੁਰਜੀਤ ਸਿੰਘ ਕੰਗ, ਸਰਬਰਿੰਦਰ ਸਿੰਘ ਸੁਧਾਰ, ਜਸਕਰਨ ਸਿੰਘ ਆਦਿ ਨੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਯਾਦ-ਪੱਤਰ ਪੰਥਕ ਮਸਲਿਆਂ ਅਤੇ ਹੋ ਰਹੀਆਂ ਕੁਤਾਹੀਆਂ ਵਿਰੁਧ ਦਿੰਦਿਆਂ ਕਿਹਾ ਕਿ 24-12-218 ਨੂੰ ਨਾਮਧਾਰੀ (ਕੂਕਿਆਂ) ਵਿਰੁਧ ਕਾਨੂੰਨੀ ਕਾਰਵਾਈ ਕਰਨ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤਾ ਸੀ।
ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਕਿਸੇ ਵੀ ਜ਼ੁੰਮੇਵਾਰ ਨੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਇਸ ਕਰ ਕੇ ਇਹ ਸਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ੀ ਹਨ। ਇਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਕੇ ਇਨ੍ਹਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕਈ ਵੱਖ-ਵੱਖ ਕਿਤਾਬਾਂ ਖ਼ੁਦ ਪ੍ਰਕਾਸ਼ਤ ਕਰਵਾਈਆਂ ਹਨ।
ਜਿਵੇਂ ਕਿ ਸਿੱਖ ਇਤਿਹਾਸ ਹਿੰਦੀ ਭਾਸ਼ਾ ਵਿਚ, ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਗੁਰਮਤਿ ਪ੍ਰਕਾਸ਼ (ਮਹੀਨੇਵਾਰ) ਮੈਗਜ਼ੀਨ ਸਾਲ 2012 ਅਤੇ 2013 ਵਿਚ ਬਹੁਤ ਕੁੱਝ ਗ਼ਲਤ ਹੈ। ਇਨ੍ਹਾਂ ਸਾਰੀਆਂ ਕਿਤਾਬਾਂ ਦਾ ਟੂਕ ਮਾਤਰ ਵੇਰਵਾ ਨੱਥੀ ਪੱਤਰ ਵਿਚ ਲਿਖਿਆ ਹੈ।
ਸਾਬਕਾ ਮੁੱਖ ਮੰਤਰੀ ਪੰਜਾਬ ਸਰਕਾਰ ਸ. ਪ੍ਰਕਾਸ਼ ਸਿੰਘ ਬਾਦਲ ਸਮੇਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪੰਜਾਬ ਦੇ ਸਰਕਾਰੀ ਸਕੂਲ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਪੜ੍ਹਾਈ ਜਾਣ ਵਾਲੀਆਂ ਕਿਤਾਬਾਂ ਵਿਚ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਬਹੁਤ ਜ਼ਿਆਦਾ ਤੋੜ-ਮਰੋੜ ਕੇ ਲਿਖਿਆ ਹੈ ਜੋ ਕਿ ਉਹ ਕਿਤਾਬਾਂ ਅੱਜ ਵੀ ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ।
ਜੋ ਪਿਛਲੀ ਪੰਜਾਬ ਸਰਕਾਰ ਅਤੇ ਮੌਜੂਦਾ ਪੰਜਾਬ ਸਰਕਾਰ ਦੋਵੇਂ ਬਰਾਬਰ ਦੀਆਂ ਦੋਸ਼ੀ ਹਨ ਜਿਸ ਦੇ ਸਬੂਤ ਸਾਡੇ ਕੋਲ ਹਨ। ਇਸ ਪੱਤਰ ਦੁਆਰਾ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੋਵਾਂ ਨੇ ਅਪਣੀ ਬਣਦੀ ਜ਼ੁੰਮੇਵਾਰੀ ਨਹੀਂ ਨਿਭਾਈ ਜਿਸ ਕਰ ਕੇ ਉਕਤ ਗੰਭੀਰ ਮਸਲਿਆਂ ਦੇ ਨਾਲ ਸਬੰਧਤ ਸਾਰੇ ਦੋਸ਼ੀਆਂ ਵਿਰੁਧ ਸਖ਼ਤ ਤੋਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ।