'ਸਿੱਖ ਪੰਥ ਅੰਦਰ 'ਜਥੇਦਾਰਾਂ' ਦਾ ਵਿਸ਼ਵਾਸ਼ ਖਤਮ ਹੋ ਗਿਆ ਹੈ, ਫਿਰ ਵੀ ਢਡਰੀਆਂ ਵਾਲੇ..
ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਚਲ ਰਹੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਪੱਤਰ ਲਿਖਿਆ ਗਿਆ ਸੀ
ਨਵਾਂਸ਼ਹਿਰ (ਅਮਰੀਕ ਸਿੰਘ ਢੀਂਡਸਾ): ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਚਲ ਰਹੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਪੱਤਰ ਲਿਖਿਆ ਗਿਆ ਸੀ ਜਿਸ 'ਤੇ ਰਣਜੀਤ ਸਿੰਘ ਢਡਰੀਆਂ ਵਾਲਿਆਂ ਵਲੋਂ ਅਕਾਲ ਤਖ਼ਤ ਸਾਹਿਬ ਤੇ 'ਜਥੇਦਾਰਾਂ' ਅੱਗੇ ਪੇਸ਼ ਨਾ ਹੋਣ ਦਾ ਸਿੱਧਾ ਚੈਲੰਜ ਕੀਤਾ ਗਿਆ ਹੈ ਤੇ ਇਹ ਵੀ ਕਿਹਾ,''ਮੈਂ ਪ੍ਰਚਾਰ ਛੱਡ ਦਿਆਂਗਾ ਪ੍ਰੰਤੂ ਅਖੌਤੀ 'ਜਥੇਦਾਰਾਂ' ਅੱਗੇ ਪੇਸ਼ ਨਹੀਂ ਹੋਵਾਂਗਾ'' ਜਿਸ ਨਾਲ ਅਕਾਲ ਤਖ਼ਤ ਸਾਹਿਬ ਤੋਂ ਸਿੱਧੇ ਤੌਰ 'ਤੇ ਬਾਗ਼ੀ ਹੋਣਾ ਸਮਝਿਆ ਜਾ ਰਿਹਾ ਹੈ।
ਇਸ ਸਬੰਧੀ ਕਨਵੀਨਰ ਪੰਥਕ ਫ਼ਰੰਟ ਪੰਜਾਬ ਅਤੇ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਜਥੇਦਾਰ ਸੁਖਦੇਵ ਸਿੰਘ ਭੌਰ ਨਾਲ ਇਸ ਦੇ ਕਾਰਨ ਬਾਰੇ ਪੁਛਣ 'ਤੇ ਉਨ੍ਹਾਂ ਦਸਿਆ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ।
ਢਡਰੀਆਂ ਵਾਲੇ ਵਲੋਂ ਅਕਾਲ ਤਖ਼ਤ 'ਤੇ ਪੇਸ਼ ਨਾ ਹੋਣ ਬਾਰੇ ਜਥੇਦਾਰ ਭੌਰ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਇਥੇ ਬਿਰਾਜਮਾਨ 'ਜਥੇਦਾਰਾਂ' ਵਲੋਂ ਘਾਣ ਕੀਤਾ ਗਿਆ ਤੇ ਕਈ ਵਾਰ ਪੱਖਪਾਤੀ ਫ਼ੈਸਲੇ ਲੈਣ ਨਾਲ ਸਿੱਖ ਕੌਮ ਵਿਚ 'ਜਥੇਦਾਰਾਂ' ਪ੍ਰਤੀ ਵਿਸ਼ਵਾਸ ਉਠ ਗਿਆ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਮੁੱਚੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਨਾ ਕਿ ਕਿਸੇ ਦੀ ਨਿਜੀ ਜਾਗੀਰ, ਇਥੋਂ ਕੌਮ ਦੇ ਸਾਂਝੇ ਮਸਲੇ ਨਿਰਪੱਖਤਾ ਨਾਲ ਹੱਲ ਕਰਨੇ ਚਾਹੀਦੇ ਹਨ ਨਾ ਕਿ ਕਿਸੇ ਇਕ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਦੇ ਹੱਕ ਵਿਚ ਹੋਣ, ਸਰਬੱਤ ਦੇ ਭਲੇ ਲਈ ਕੀਤੇ ਫ਼ੈਸਲੇ ਹੀ ਸਰਬ ਪ੍ਰਵਾਨਤ ਹੋਣਗੇ।
ਪ੍ਰੰਤੂ ਸੌਦਾ ਸਾਧ ਨੂੰ ਮਾਫ਼ੀ ਦੇਣੀ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਟਾਲਾ ਵੱਟਣਾ ਜਿਸ ਦੀ ਪ੍ਰੋੜਤਾ 'ਜਥੇਦਾਰਾਂ' ਦੇ ਅਖ਼ਬਾਰੀ ਬਿਆਨਾਂ, ਟੀ ਵੀ ਚੈਨਲਾਂ ਨੂੰ ਦਿਤੀਆਂ ਇੰਟਰਵਿਊਜ਼, ਕੁੰਵਰ ਵਿਜੈ ਪ੍ਰਤਾਪ ਵਲੋਂ ਦਿਤੇ ਬਿਆਨ ਤਾਂ ਸੱਚ ਨੂੰ ਪ੍ਰਗਟ ਕਟਦੇ ਹਨ ਪ੍ਰੰਤੂ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਵਲੋਂ ਨਿਭਾਏ ਨਾਕਾਰਾਤਮਕ ਰੋਲ ਕਾਰਨ ਸਿੱਖ ਕੌਮ ਵਿਚ ਭਾਰੀ ਗੁੱਸਾ ਹੈ ਤੇ ਇਸੇ ਕਾਰਨ ਅਕਾਲ ਤਖ਼ਤ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ ਹੋਏ ਜਾਨ ਲੇਵਾ ਹਮਲੇ ਜਿਸ ਦੌਰਾਨ ਉਸ ਦਾ ਸਾਥੀ ਭੁਪਿੰਦਰ ਪਾਲ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ ਤੇ ਢਡਰੀਆਂ ਵਾਲੇ ਨੂੰ ਦੂਰ ਤਕ ਭੱਜ ਕੇ ਅਪਣੀ ਜਾਨ ਬਚਾਉਣੀ ਪਈ ਸੀ ਬਾਰੇ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਕੋਈ ਸਟੈਂਡ ਨਾ ਲੈਣ ਕਾਰਨ ਰੋਸਾ ਹੈ। ਇਸੇ ਲਈ ਉਹ ਸਮਝਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ 'ਜਥੇਦਾਰਾਂ' ਤੋਂ ਕਿਸੇ ਇਨਸਾਫ਼ ਦੀ ਉਮੀਦ ਨਹੀਂ ਸਗੋਂ ਉਨ੍ਹਾਂ ਨੂੰ ਜਾਂ ਤਾਂ 'ਜਥੇਦਾਰਾਂ' ਕੋਲੋਂ ਮਾਫ਼ੀ ਮੰਗਣ ਲਈ ਜ਼ੋਰ ਪਾਇਆ ਜਾਵੇਗਾ ਤੇ ਨਹੀਂ ਤਾਂ ਉਨ੍ਹਾਂ ਨੂੰ ਪੰਥ ਵਿਚੋਂ ਛੇਕਿਆ ਜਾਵੇਗਾ।