ਸਿਆਸਤਦਾਨਾਂ ਨੂੰ ਕਿਸਾਨਾਂ ਤੋਂ ਖ਼ਤਰਾ, ਪੁਲਿਸ ਲਈ ਚੁਨੌਤੀ ਬਣੀ ਭਾਜਪਾ ਆਗੂਆਂ ਦੀ ਸੁਰੱਖਿਆ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਆਗੂਆਂ ਤੋਂ ਇਲਾਵਾ ਦੂਜੀਆਂ ਸਿਆਸੀ ਧਿਰਾਂ ਦੇ ਆਗੂਆਂ ਦੀ ਸੁਰੱਖਿਆ ਵਧਾਉਣ ਦੀ ਤਿਆਰੀ

punjab police security

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਨੇ ਕਿਸਾਨਾਂ ਅਤੇ ਸਿਆਸਤਦਾਨਾਂ ਵਿਚਲੇ ਰਿਸ਼ਤੇ ਨੂੰ ਹਾਸ਼ੀਏ ‘ਤੇ ਪਹੁੰਚਾ ਦਿਤਾ ਹੈ। ਕਿਸਾਨੀ ਦੇ ਫੈਸਲਾਕੁੰਨ ਵੋਟ ਬੈਂਕ ਨੂੰ ਵੇਖਦਿਆਂ ਜ਼ਿਆਦਾਤਰ ਸਿਆਸੀ ਧਿਰਾਂ ਭਾਵੇਂ ਅੱਜ ਵੀ ਕਿਸਾਨ ਹਿਤੇਸ਼ੀ ਹੋਣ ਦਾ ਪ੍ਰਚਾਰ ਕਰ ਰਹੀਆਂ ਹਨ ਪਰ ਅੰਦਰਖਾਤੇ ਸਾਰੀਆਂ ਧਿਰਾਂ ਖੁਦ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ। ਜਿਉ-ਜਿਉ ਸਮਾਂ ਬੀਤ ਰਿਹਾ ਹੈ, ਕਿਸਾਨੀ ਮਸਲਿਆਂ ਦੇ ਪਿਛੋਕੜ ਅਤੇ ਕਾਰਨਾਂ ਤੋਂ ਪਰਦਾ ਉਠਦਾ ਜਾ ਰਿਹਾ ਹੈ। ਕਿਸਾਨ ਹਿਤੇਸ਼ੀ ਕਹਾਉਣ ਵਾਲੀਆਂ ਧਿਰਾਂ ਵਲੋਂ ਪਿਛਲੇ ਸਮੇਂ ਦੌਰਾਨ ਪਰਦੇ ਪਿੱਛੇ ਕੀਤੇ ਕਾਰਨਾਮੇ ਸਿਆਸਤਦਾਨਾਂ ਦੀ ਆਪਸੀ ਖਹਿਬਾਜ਼ੀ ਕਾਰਨ ਜੱਗ ਜਾਹਰ ਹੋ ਰਹੇ ਹਨ। ਇਕ-ਦੂਜੇ ਦੇ ਪਰਦਿਆਂ ਤੋਂ ਪਰਦਾ ਚੁਕਣ ਦੀ ਦੌੜ ਵਿਚ ਲੱਗੀਆਂ ਸਿਆਸੀ ਧਿਰਾਂ ਦੀ ਆਪਸੀ ਦੂਸ਼ਣਬਾਜ਼ੀ ਨੇ ਕਿਸਾਨਾਂ ਦੀ ਉਸ ਰਾਏ ਨੂੰ ਹੋਰ ਪਕੇਰਾ ਕਰ ਦਿਤਾ ਹੈ ਜਿਸ ਮੁਤਾਬਕ ਕਿਸਾਨਾਂ ਦੀ ਮਾੜੀ ਹਾਲਤ ਲਈ ਸਿਆਸਤਦਾਨਾਂ ਦੀਆਂ ਗਲ਼ਤੀਆਂ ਨੂੰ ਜ਼ਿੰਮੇਵਾਰ ਹਨ।

ਇਹੀ ਕਾਰਨ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਸਿਆਸਤਦਾਨਾਂ ਤੋਂ ਦੂਰੀ ਬਣਾ ਕੇ ਚੱਲ ਰਹੀਆਂ ਹਨ। ਕਿਸਾਨਾਂ ਵਲੋਂ ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਬੀਜੇਪੀ ਦੇ ਕਿਸੇ ਵੀ ਸਮਾਗਮ ਜਾਂ ਮੀਟਿੰਗ ਨੂੰ ਕਿਸਾਨ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਭਾਜਪਾ ਆਗੂਆਂ ਦੀ ਤਿੱਖੀ ਬਿਆਨਬਾਜ਼ੀ ਬਲਦੀ ‘ਤੇ ਤੇਲ ਦਾ ਕੰਮ ਕਰ ਰਹੀ ਹੈ।

ਪਿਛਲੇ ਦਿਨੀਂ ਸਾਬਕਾ ਮੰਤਰੀ ਤੇ ਪੰਜਾਬ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਵਲੋਂ ਦਿਤੇ ਬਿਆਨ ਤੋਂ ਨਰਾਜ ਕਿਸਾਨਾਂ ਨੇ ਉਨ੍ਹਾਂ ਦੇ ਘਰ ਬਾਹਰ ਗਾਂ ਦੇ ਗੋਬਰ ਸੁੱਟ ਦਿਤਾ। ਇਸੇ ਤਰ੍ਹਾਂ ਹੋਰ ਭਾਜਪਾ ਆਗੂਆਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਵਿਰੋਧ ਦੀ ਖਬਰ ਵੀ ਸਾਹਮਣੇ ਆਈ ਹੈ। ਸਿਆਸਤਦਾਨਾਂ ਖਿਲਾਫ ਕਿਸਾਨਾਂ ਦੇ ਗੁੱਸੇ ਨੂੰ ਵੇਖਦਿਆਂ ਪੰਜਾਬ ਪੁਲਿਸ ਠੋਸ ਯੋਜਨਾਵਾਂ ਬਣਾਉਣ ਵਿਚ ਜੁਟ ਗਈ ਹੈ।

ਪੰਜਾਬ ਪੁਲਿਸ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸ਼ਨੀਵਾਰ ਨੂੰ ਡੀਜੀਪੀ ਦਫਤਰ ਨੇ ਸੁਰੱਖਿਆ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਮੌਜੂਦਾ ਸੁਰੱਖਿਆ ਦਾ ਜਾਇਜ਼ਾ ਲਿਆ। ਡੀਜੀਪੀ ਦਫਤਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਬੀਜੇਪੀ ਲੀਡਰਾਂ ਖ਼ਿਲਾਫ਼ ਕਿਸਾਨ ਲਗਾਤਾਰ ਧਰਨੇ ਤੇ ਘੇਰਾਬੰਦੀ ਦੀ ਗੱਲ ਕਰ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਤੁਰੰਤ ਪ੍ਰਭਾਵ ਨਾਲ ਵਧਾਇਆ ਜਾਵੇ।

ਸੂਤਰਾਂ ਮੁਤਾਬਕ ਭਾਜਪਾ ਲੀਡਰਾਂ ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਆਦਿ ਦੀ ਮੌਜੂਦਾ ਸੁਰੱਖਿਆ ਨੂੰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਸੁਰੱਖਿਆ ਦਾ ਜਾਇਜ਼ਾ ਜਾ ਰਹੀ ਹੈ। ਭਾਵੇਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਗੂਆਂ ਦੇ ਵਿਰੋਧ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਪਰ ਕਿਸਾਨਾਂ ਅੰਦਰ ਸਿਆਸਤਦਾਨਾਂ ਪ੍ਰਤੀ ਵਧ ਰਹੀ ਨਰਾਜਗੀ ਨੂੰ ਵੇਖਦਿਆਂ ਪੁਲਿਸ ਅਗਾਊ ਤਿਆਰੀਆਂ ਵਿਚ ਜੁਟੀ ਹੋਈ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਦਰੁਸਤ ਰੱਖਿਆ ਜਾ ਸਕੇ।