ਆਵਾਰਾ ਕੁੱਤਿਆਂ ਤੇ ਪਸ਼ੂਆਂ ਦਾ ਅਤਿਵਾਦ ਰੋਕਣ ਲਈ ਕਿਉਂ ਨਹੀਂ ਕੁੱਝ ਕਰਦੀਆਂ ਸਰਕਾਰਾਂ : ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਤਿਆਂ ਵਲੋਂ ਇਕ ਹੋਰ ਬੱਚਾ ਨੋਚ ਖਾਣ ‘ਤੇ ਕੈਪਟਨ, ਹਰਸਿਮਰਤ ਬਾਦਲ ਤੇ ਵਿਜੈ ਸਾਂਪਲਾ ਨੂੰ ‘ਆਪ’ ਨੇ ਲਾਹਨਤਾਂ ਪਾਈਆਂ

Kultar Singh Sandhwan

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਬੋਹਰ ਦੇ ਪਿੰਡ ਸ਼ੇਰਗੜ ‘ਚ ਇਕ ਗ਼ਰੀਬ ਪਰਿਵਾਰ ਦੇ ਤਿੰਨ ਸਾਲਾ ਬੱਚੇ ਨੂੰ ਨੋਚ-ਖਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਨੂੰ ਇਕ ਵਾਰ ਫਿਰ ਲਾਹਨਤਾਂ ਪਾਈਆਂ ਹਨ। ਕੋਟਕਪੂਰਾ ਤੋਂ ਵਿਧਾਇਕ ਅਤੇ ‘ਆਪ’ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਇਸ ਦਿਲ ਦਹਿਲਾਉਣ ਵਾਲੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਾਰੀ ਬਿਆਨ ਰਾਹੀਂ ਕਿਹਾ ਕਿ

ਆਵਾਰਾ ਕੁੱਤਿਆਂ ਅਤੇ ਪਸ਼ੂਆਂ ਕਾਰਨ ਲਗਾਤਾਰ ਵਾਪਰ ਰਹੀਆਂ ਖੋਫਨਾਕ ਘਟਨਾਵਾਂ ਦਾ ਸੂਬਾ ਅਤੇ ਕੇਂਦਰ ਸਰਕਾਰ ‘ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। 
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਦੀ ਜ਼ਿੰਮੇਵਾਰੀ ਸੂਬਾ ਅਤੇ ਕੇਂਦਰ ਸਰਕਾਰ ਦੀ ਹੈ। ਇਸ ਲਈ ਜਿੱਥੇ ਬਿਜਲੀ, ਐਕਸਾਈਜ਼ ਅਤੇ ਡੀਜ਼ਲ-ਪੈਟਰੋਲ ਆਦਿ ‘ਤੇ ਲੋਕਾਂ ਦੀਆਂ ਜੇਬਾਂ ‘ਚ ਟੈਕਸ ਵਸੂਲਿਆ ਜਾ ਰਿਹਾ ਹੈ, ਉੱਥੇ ਸਾਲਾਨਾ ਬਜਟ ‘ਚ ਵੀ ਫ਼ੰਡਾਂ ਦਾ ਪ੍ਰਬੰਧ ਨਿਰਧਾਰਿਤ ਕੀਤਾ ਜਾਂਦਾ ਹੈ, ਪਰੰਤੂ ਸਮੱਸਿਆ ਘਟਣ ਦੀ ਥਾਂ ਵਧਦੀ ਹੀ ਜਾ ਰਹੀ ਹੈ।

ਕੀ ਸਰਕਾਰਾਂ ਦੱਸ ਸਕਦੀਆਂ ਹਨ ਕਿ ਟੈਕਸ ਦੇ ਰੂਪ ‘ਚ ਲੋਕਾਂ ਦੀਆਂ ਜੇਬਾਂ ‘ਚ ਕੱਢਿਆ ਜਾ ਰਿਹਾ ਇਹ ਪੈਸਾ ਕਿਥੇ ਜਾ ਰਿਹਾ ਹੈ? ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਨੂੰ ਇੱਕ ਜੁੱਟ ਹੋ ਕੇ ਜਵਾਬਦੇਹ ਬਣਾਉਣ ਕਿ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੇ ਅੱਤਵਾਦ ਤੋਂ ਲੋਕਾਂ ਅਤੇ ਬੱਚਿਆਂ ਨੂੰ ਬਚਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕਦੇ?

ਸੰਧਵਾਂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਗਿਣਤੀ ਕਾਬੂ ਤੋਂ ਬਾਹਰ ਹੋ ਚੁੱਕੀ ਹੈ। ਸੰਬੰਧਿਤ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਵਣ ਅਤੇ ਜੰਗਲੀ ਜੀਵ ਵਿਭਾਗ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਨੇ ਇਸ ਸਮੱਸਿਆ ਪ੍ਰਤੀ ਪੂਰੀ ਤਰਾਂ ਅੱਖਾਂ ਬੰਦ ਕਰ ਰੱਖੀਆਂ ਹਨ। ਜਦੋਂਕਿ ਆਵਾਰਾ ਪਸ਼ੂ ਹਰ ਸਾਲ ਸੜਕ ਹਾਦਸਿਆਂ ‘ਚ ਔਸਤਨ 150 ਜਾਨਾਂ ਲੈ ਰਹੇ ਹਨ ਅਤੇ ਲਗਭਗ 200 ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ।

ਇਸੇ ਤਰਾਂ ਦਾ ਆਤੰਕ ਆਵਾਰਾ ਕੁੱਤਿਆਂ ਨੇ ਫੈਲਾ ਰੱਖਿਆ ਹੈ। ਸੰਧਵਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਆਪਣੀ ਡਿੳੂਟੀ ਨਿਭਾਉਣ ਤੋਂ ਹੁਣ ਵੀ ਅਸਮਰਥ ਰਹੀਆਂ ਤਾਂ ਲੋਕਾਂ ਨੇ ਮਜਬੂਰ ਹੋ ਕੇ ਆਪਣੇ ਤਰੀਕੇ ਨਾਲ ਨਿਪਟਣਾ ਸ਼ੁਰੂ ਕਰ ਦੇਣਾ ਹੈ, ਅਜਿਹੇ ਹਾਲਾਤ ‘ਚ ਆਮ ਆਦਮੀ ਪਾਰਟੀ ਲੋਕਾਂ ਦਾ ਸਾਥ ਦੇਵੇਗੀ।