ਭਾਈਚਾਰਕ ਸਾਂਝ ਦੀ ਮਿਸਾਲ : ਨਿਕਾਹ ਲਈ ਪੱਗ ਬੰਨ ਕੇ ਢੁੱਕੇ ਲਾੜਾ ਦੇ ਬਰਾਤੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਗ ਸਿੱਖ ਦੀ ਸ਼ਾਨ ਹੁੰਦੀ ਹੈ ਤੇ ਇਹੀ ਪੱਗ ਸਰਦਾਰ ਨੂੰ ਦੁਨੀਆਂ ਤੋਂ ਵੱਖਰਾ ਦਿਖਾਉਂਦੀ ਹੈ।

Photo

ਮੁਕਤਸਰ ਸਾਹਿਬ: ਪੱਗ ਸਿੱਖ ਦੀ ਸ਼ਾਨ ਹੁੰਦੀ ਹੈ ਤੇ ਇਹੀ ਪੱਗ ਸਰਦਾਰ ਨੂੰ ਦੁਨੀਆਂ ਤੋਂ ਵੱਖਰਾ ਦਿਖਾਉਂਦੀ ਹੈ। ਅੱਜ ਦੇ ਦੌਰ ‘ਚ ਨੌਜਵਾਨ ਸਿੱਖੀ ਤੋਂ ਪ੍ਰਭਾਵਿਤ ਹੋ ਦਸਤਾਰ ਸਜਾ ਰਹੇ ਹਨ। ਇਸ ਦੇ ਨਾਲ ਹੀ ਹਰ ਧਰਮਾਂ ਦੇ ਲੋਕ ਵਿਚ ਵੀ ਪੱਗ ਬੰਨ ਰਹੇ ਹਨ। ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ।

ਦਰਅਸਲ ਬੀਤੇ ਦਿਨੀਂ ਗਿੱਦੜਬਾਹਾ ਦੇ ਇਕ ਮੁਸਲਿਮ ਪਰਿਵਾਰ ਦੇ ਲੜਕਾ-ਲੜਕੀ ਦਾ ਵਿਆਹ ਹੋਇਆ ਹੈ। ਇਹ ਵਿਆਹ ਬਹੁਤ ਹੀ ਅਨੋਖਾ ਸੀ। ਅਬਦੁਲ ਹੁਸੈਨ ਨਾਂਅ ਦਾ ਲੜਕਾ ਮੁਸਲਿਮ ਪਰਿਵਾਰ ਦੀ ਲੜਕੀ ਸ਼ਹਿਨਾਜ਼ ਨਾਲ ਨਿਕਾਹ ਕਰਾਉਣ ਆਇਆ ਸੀ । ਇਸ ਦੌਰਾਨ ਮੁਸਲਿਮ ਨੌਜਵਾਨ ਅਤੇ ਦੋਸਤਾਂ ਨੇ ਅਪਣੇ ਸਿਰ ‘ਤੇ ਪੱਗ ਬੰਨੀ ਹੋਈ ਸੀ।

ਇਹ ਦੇਖ ਕੇ ਸਾਰੇ ਲੋਕ ਹੈਰਾਨ ਸਨ ਤੇ ਹਰ ਕੋਈ ਇਸ ਨੌਜਵਾਨ ਦੀ ਤਾਰੀਫ਼ ਕਰ ਰਿਹਾ ਸੀ। ਇਸ ਨੌਜਵਾਨ ਨੇ ਅਪਣੇ ਵਿਆਹ ਵਿਚ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਅਨੋਖੇ ਵਿਆਹ ਵਿਚ ਹਰ ਧਰਮ ਦੇ ਲੋਕ ਮੌਜੂਦ ਸਨ।

ਜਦੋਂ ਇਸ ਸਬੰਧੀ ਵਿਆਹ ‘ਚ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਵਿਚ ਫਿਰਕਾਪ੍ਰਸਤ ਦੰਗੇ ਭੜਕ ਰਹੇ ਹਨ। ਉੱਥੇ ਹੀ ਇਸ ਪਰਿਵਾਰ ਵੱਲੋਂ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਲੋਕਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਭਾਈਚਾਰੇ ਵਿਚ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਵਿਆਹ ਕਰਵਾਉਣ ਵਾਲੇ ਮੌਲਵੀ ਨੇ ਕਿਹਾ ਕਿ ਕਿਸੇ ਵੀ ਪਹਿਰਾਵੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਸਾਰੇ ਧਰਮ ਇਕ ਬਰਾਬਰ ਹਨ ਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਕ ਪਾਸੇ ਜਿੱਥੇ ਧਰਮ ਦੇ ਨਾਂਅ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਇਸ ਲੜਕੇ ਨੇ ਪੱਗ ਸਜਾ ਕੇ ਸਾਂਝੀਵਾਲਤਾ ਦਾ ਸੰਦੇਸ਼ ਪਹੁੰਚਾਇਆ ਹੈ।