ਕਰਤਾਰਪੁਰ ਸਾਹਿਬ ਪਹੁੰਚੇ ਯੂ.ਐੱਨ ਮੁਖੀ, ਪੰਗਤ 'ਚ ਬੈਠ ਕੇ ਛਕਿਆ ਲੰਗਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਗੁਰਦੁਆਰਾ ਸਾਹਿਬ ਦੇ ਵੱਖ ਵੱਖ ਹਿੱਸਿਆਂ ਦਾ ਕੀਤਾ ਦੌਰਾ

file photo

ਲਾਹੌਰ : ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਮੰਗਲਵਾਰ ਨੂੰ ਪਾਕਿਸਤਾਨ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਦੌਰਾ ਕੀਤਾ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਅੰਤਮ ਦਿਨ ਇਥੇ ਹੀ ਬਤੀਤ ਸੀ।

ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੀ ਦੂਰੀ 'ਤੇ ਕਰਤਾਰਪੁਰ ਸਾਹਿਬ ਵਿਖੇ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਦਾ ਸਵਾਗਤ ਕੀਤਾ।

ਇਸ ਦੌਰਾਨ ਗੁਤਾਰੇਸ ਨੂੰ ਪਾਕਿਸਤਾਨ ਅਤੇ ਭਾਰਤ ਦਰਮਿਆਨ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਵੀ ਜਾਣਕਾਰੀ ਦਿਤੀ ਗਈ। ਉਹਨਾਂ ਨੂੰ ਦਸਿਆ ਗਿਆ ਸੀ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਲੋਕ ਗੁਰਦਵਾਰੇ ਤਕ ਆ ਸਕਣ ਇਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਇਹ ਪਹਿਲ ਕੀਤੀ ਗਈ ਹੈ। ਸੰਤਰੀ ਰੰਗ ਦਾ ਰੁਮਾਲ ਬੰਨ੍ਹੇ ਗੁਤਾਰੇਸ ਨੇ ਗੁਰਦਵਾਰੇ ਦੇ ਵਖ-ਵੱਖ ਹਿੱਸਿਆਂ ਦਾ ਦੌਰਾ ਕੀਤਾ।

ਉਹਨਾਂ ਨੂੰ ਸਿੱਖ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਪੰਗਤ ਵਿਚ ਬਿਠਾ ਕਿ ਲੰਗਰ ਛਕਾਇਆ ਗਿਆ। ਦੌਰੇ ਦੌਰਾਨ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਸਨ। ਕਰਤਾਰਪੁਰ ਸਾਹਿਬ ਵਿਖੇ ਇਸ ਦੌਰਾਨ ਚੰਗੀ ਗਿਣਤੀ ਵਿਚ ਭਾਰਤੀ ਸਿੱਖ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਗੁਤਾਰੇਸ ਨੇ ਲਾਹੌਰ ਯੁਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਨਵੀਂ ਤਕਨਾਲੋਜੀ 'ਤੇ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਮੌਸਮ ਤਬਦੀਲੀ ਅੱਜ ਸਭ ਤੋਂ ਵੱਡਾ ਮੱਦਾ ਹੈ ਜਿਸਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ। ਉਨ੍ਹਾਂ ਨੇ ਪੋਲੀਓ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ।