ਵਾਕਆਊਟ ਮਗਰੋਂ ਬੋਲੇ ਰਾਜਾ ਵੜਿੰਗ, “ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ: ਰਾਜਪਾਲ ਨੇ ਕਿਸ ਮਜਬੂਰੀ ਕਾਰਨ ਸੈਸ਼ਨ ਸੱਦਿਆ, ਇਹ ਜੱਗ ਜ਼ਾਹਿਰ ਹੈ

Raja Warring

 

ਚੰਡੀਗੜ੍ਹ (ਚਰਨਜੀਤ ਸਿੰਘ ਸਰਖ਼ਾਬ, ਕਮਲਜੀਤ ਕੌਰ): ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ’ਚੋਂ ਵਾਕਆਊਟ ਕਰਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਭਾਸ਼ਣ ਦੌਰਾਨ ਰਾਜਪਾਲ ਨੂੰ ‘ਮੇਰੀ ਸਰਕਾਰ’ ਕਹਿਣ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ: Punjab Budget Session: ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਮੁੱਦੇ ’ਤੇ ਹੰਗਾਮਾ, ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਦਾ ਵਾਕਆਊਟ

ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਤੁਹਾਡਾ ਅਤੇ ਰਾਜਪਾਲ ਦਾ ਹਰ ਰੋਜ਼ ਦਾ ਕਲੇਸ਼ ਹੈ, ਪਹਿਲਾਂ ਉਸ ਨੂੰ ਸਪੱਸ਼ਟ ਕਰੋ। ਰਾਜਪਾਲ ਭਾਸ਼ਣ ਵਿਚ ‘ਮੇਰੀ ਸਰਕਾਰ’ ਕਹਿ ਰਹੇ ਸੀ ਪਰ ਉੱਧਰ ਤੁਸੀਂ ਸਵਾਲ ਪੁੱਛ ਰਹੇ ਹੋ। ਗਵਰਨਰ ਵੀ ਸਵਾਦ ਲੈ ਰਹੇ ਸੀ। ਉਹ ਕਹਿੰਦੇ ਠੀਕ ਹੈ ਕਿ ਮੈਂ ‘ਮੇਰੀ ਸਰਕਾਰ’ ਦੀ ਬਜਾਏ ‘ਸਰਕਾਰ’ ਬੋਲ ਰਿਹਾ ਹਾਂ। ਇਸ ਤੋਂ ਸਪੱਸ਼ਟ ਹੈ ਕਿ ਰਾਜਪਾਲ ਦਾ ਮਨ ਨਹੀਂ ਸੀ, ਉਹ ਮਜਬੂਰਨ ਭਾਸ਼ਣ ਦੇਣ ਲਈ ਆਏ। ਰਾਜਪਾਲ ਨੇ ਕਿਸ ਮਜਬੂਰੀ ਕਾਰਨ ਸੈਸ਼ਨ ਸੱਦਿਆ, ਇਹ ਤਾਂ ਜੱਗ ਜ਼ਾਹਿਰ ਹੋ ਗਿਆ ਹੈ।  

ਇਹ ਵੀ ਪੜ੍ਹੋ: ਕੈਂਬਰਿਜ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਬਿਆਨ, “ਭਾਰਤ ਨੂੰ ਤਬਾਹ ਕਰ ਰਹੇ ਮੋਦੀ” 

ਰਾਜਾ ਵੜਿੰਗ ਨੇ ਕਿਹਾ ਕਿ ਰਾਜਪਾਲ ‘ਮੇਰੀ ਸਰਕਾਰ’ ਕਹਿਣਾ ਨਹੀਂ ਚਾਹੁੰਦੇ ਸਨ ਪਰ ਉਹਨਾਂ ਕੋਲੋਂ ਕਹਾਇਆ ਗਿਆ। ਜਦੋਂ ਉਹਨਾਂ ਨੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਗੱਲ ਕੀਤੀ ਤਾਂ ਅਸੀਂ ਪੁੱਛਿਆ ਕਿ ਤੁਸੀਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਸੀ, ਕੀ ਤੁਹਾਨੂੰ ਜਵਾਬ ਮਿਲ ਗਿਆ?

ਇਹ ਵੀ ਪੜ੍ਹੋ: ਆਲੀਆ ਭੱਟ, ਧੋਨੀ ਸਣੇ ਕਈ ਮਸ਼ਹੂਰ ਹਸਤੀਆਂ ਦੇ ਨਾਂਅ ’ਤੇ 50 ਲੱਖ ਰੁਪਏ ਦੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼ 

ਮੁੱਖ ਮੰਤਰੀ ਅਤੇ ਰਾਜਪਾਲ ਨੂੰ ਅਪੀਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਰੇੜਕਾ ਖਤਮ ਕਰਕੇ ਆਪਣੇ ਅਹੁਦਿਆਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਨੂੰ ਮਰਿਆਦਾ ਵਿਚ ਰਹਿ ਕੇ ਸਵਾਲ-ਜਵਾਬ ਕਰਨੇ ਚਾਹੀਦੇ ਹਨ ਤਾਂ ਜੋ ਅਜਿਹੇ ਹਾਲਾਤ ਮੁੜ ਪੈਦਾ ਨਾ ਹੋਣ। ਰਾਜਾ ਵੜਿੰਗ ਨੇ ਇਸ ਗੱਲ ਨਾਲ ਵੀ ਸਹਿਮਤੀ ਜਤਾਈ ਕਿ ਸੂਬਿਆਂ ਦੇ ਰਾਜਪਾਲ ਭਾਜਪਾ ਦੇ ਪ੍ਰਚਾਰਕ ਬਣ ਗਏ ਹਨ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਸਰਕਾਰ ਅਤੇ ਰਾਜਪਾਲ ਵਿਚ ਜਾਰੀ ਵਿਵਾਦ ਵਿਚ ਵੀ ਭਾਜਪਾ ਦੀ ਦਖਲ ਹੈ।