ਨਸ਼ਾ ਛੁਡਾਊ ਗੋਲੀ ਨਹੀਂ ਰੁਜ਼ਗਾਰ ਹੈ ਅਸਲੀ ਇਲਾਜ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿਧਾਇਕ ਅਤੇ ਬੁਲਾਰੇ ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ 'ਚ...

Employment and not drug tablet a way forward to fight the menace of drugs

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿਧਾਇਕ ਅਤੇ ਬੁਲਾਰੇ ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ੇ ਦੇ ਮਰੀਜ਼ ਹੋਏ ਨੌਜਵਾਨਾਂ ਨੂੰ ਨਸ਼ਾ-ਛੁਡਾਊ ਗੋਲੀ 'ਬਿਊਪ੍ਰਿਨੌਰਫੀਨ' ਦੀ ਲਤ ਲਗਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਰੱਜ ਕੇ ਕੋਸਿਆ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ ਸਰਕਾਰ ਨੌਜਵਾਨਾਂ ਨੂੰ ਇਕ ਨਸ਼ੇ ਤੋਂ ਹਟਾ ਕੇ ਬਿਊਪ੍ਰਿਨਰੋਫਿਨ ਦੇ ਦੂਜੇ ਨਸ਼ੇ 'ਤੇ ਲਗਾ ਰਹੀ ਹੈ।

ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਤਾਜ਼ਾ ਅੰਕੜਿਆਂ ਅਨੁਸਾਰ ਇਕ ਸਾਲ ਦੇ ਅੰਦਰ 6 ਕਰੋੜ ਬਿਊਪ੍ਰਿਨੋਰਫਿਨ ਦੀ ਖਪਤ ਹੋਈ ਹੈ। ਰਿਪੋਰਟ ਅਨੁਸਾਰ ਇਹ ਗੋਲੀ ਦੂਸਰੇ ਨਸ਼ਿਆਂ ਅਤੇ ਡਰੱਗਜ਼ ਤੋਂ ਛੁਟਕਾਰੇ ਲਈ ਵਰਤੀ ਜਾਂਦੀ ਬਿਊਪ੍ਰਿਨੋਰਫਿਨ ਦੀ ਗੋਲੀ ਨੌਜਵਾਨਾਂ ਨੂੰ ਨਸ਼ੇ ਵਾਂਗ ਹੀ ਚਿੰਬੜ ਗਈ ਹੈ। ਜੋ ਹੋਰ ਵੀ ਚਿੰਤਾ ਦਾ ਵਿਸ਼ਾ ਹੈ। 

'ਆਪ' ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਅਪਣੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਨੂੰ ਅਮਲੀ ਤੌਰ 'ਤੇ ਪੂਰਾ ਕਰਨ, ਕਿਉਂਕਿ ਨਸ਼ੇ ਦੀ ਬਿਮਾਰੀ ਦਾ ਸਹੀ ਅਰਥਾਂ 'ਚ ਇਲਾਜ ਨਸ਼ਾ ਛੁਡਾਊ ਗੋਲੀਆਂ ਨਹੀਂ ਸਗੋਂ 'ਰੋਜ਼ਗਾਰ ਦੀ ਗੋਲੀ' ਹੀ ਇਲਾਜ ਹੈ।