ਪ੍ਰਾਈਵੇਟ ਫ਼ਾਈਨਾਂਸਰ ਤੇ ਨਸ਼ਾ ਮਾਫ਼ੀਆ ਤੋਂ ਖ਼ੌਫ਼ਜ਼ਦਾ ਨੌਜਵਾਨ ਤਬਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਮੁੰਡੇ-ਕੁੜੀਆਂ ਨੂੰ ਵੱਧ ਵਿਆਜ 'ਤੇ ਪੈਸੇ ਦੇ ਕੇ ਜੁਰਮ ਦੀ ਦਲ-ਦਲ ਵੱਲ ਝੋਕ ਰਹੇ ਹਨ

Drug smugglers

ਚੰਡੀਗੜ੍ਹ : ਅੱਜ-ਕਲ ਇਕ ਨਵਾਂ ਤਰੀਕਾ ਆਮ ਚੱਲ ਪਿਆ ਹੈ ਕਿ ਨਸ਼ੇ ਦੇ ਤਸਕਰ ਪ੍ਰਾਈਵੇਟ ਫਾਈਨਾਂਸਰਾਂ ਨਾਲ ਮਿਲ ਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੱਧ ਵਿਆਜ 'ਤੇ ਪੈਸੇ ਦੇ ਕੇ ਜੁਰਮ ਦੀ ਦਲ-ਦਲ ਵੱਲ ਝੋਕ ਰਹੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨੌਜਵਾਨ ਪੀੜ੍ਹੀ ਜਾਂ ਤਾ ਆਤਮਹੱਤਿਆ ਕਰ ਰਹੀ ਹੈ ਅਤੇ ਉਕਤ ਮਾਫ਼ੀਆ ਦੇ ਅੜਿੱਕੇ ਚੜ੍ਹ ਲੁੱਟਾਂ-ਖੋਹਾਂ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮਜਬੂਰ ਹੈ।

ਮੋਹਾਲੀ ਦੇ ਹੀ ਇਕ ਰਾਜਬੀਰ ਸਿੰਘ ਨਾਮੀ ਵਿਅਕਤੀ ਨੇ ਆਪਣੇ ਕਿਸੇ ਕਰੀਬੀ ਨੌਜਵਾਨ ਬਾਰੇ ਦੱਸਿਆ ਕਿ ਪ੍ਰਾਈਵੇਟ ਫ਼ਾਈਨੈਂਸਰ ਪਹਿਲਾਂ ਤਾਂ ਨਸ਼ੇ ਦੇ ਆਦੀ ਬਣੇ ਨੌਜਵਾਨਾਂ ਨੂੰ ਛੋਟੇ-ਛੋਟੇ ਕਰਜ਼ੇ ਦੇ ਕੇ ਆਪਣੇ ਚੁੰਗਲ 'ਚ ਫਸਾ ਲੈਂਦੇ ਹਨ ਅਤੇ ਫਿਰ ਕਰਜ਼ਾ ਨਾ ਮੁੜਨ ਉਤੇ ਜੁਰਮ ਦੀ ਰਾਹ ਫੜਨ ਲਈ ਮਜਬੂਰ ਕਰਦੇ ਹਨ।

ਇਹ ਵੀ ਜਾਨਕਾਰੀ ਮਿਲ ਰਹੀ ਹੈ ਕਿ ਇਹ ਲੋਕ ਮੁੰਡਿਆਂ ਤੋਂ ਨਸ਼ਾ ਵਿਕਵਾ ਰਹੇ ਹਨ ਅਤੇ ਕੁੜੀਆਂ ਨੂੰ ਦੇਹ ਵਪਾਰ ਵੱਲ ਝੋਕਿਆ ਜਾ ਰਿਹਾ ਹੈ, ਜਿਸ ਦੇ ਸਬੂਤ ਅਸੀਂ ਸਹਿਜੇ ਹੀ ਸੋਸ਼ਲ ਮੀਡੀਆ ਯਾਨੀ ਕਿ ਫ਼ੇਸਬੁਕ, ਵੱਟਸਐਪ 'ਤੇ ਵੇਖ ਸਕਦੇ ਹਾਂ। ਅਜਿਹੇ ਨੌਜਵਾਨਾਂ ਦੇ ਪਰਵਾਰਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਸਮਾਜ ਵਿਚ ਵੱਧ ਰਹੀ ਬੁਰਾਈ ਨੂੰ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ।